ਭੀਖੀ, 29 ਜਨਵਰੀ (ਬਲਕਾਰ ਸਿੰਘ ਸਹੋਤਾ)- ਲੰਘੇ ਦਿਨੀਂ ਨਗਰ ਪੰਚਾਇਤ ਭੀਖੀ ਦੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਫਿਕਸ ਡਿਪਾਜਿਟ ਵਿਚ ਜਮਾਂ 90 ਲੱਖ ਰੁਪਏ ਦੇ ਕਰੀਬ ਰਾਸ਼ੀ ਨੂੰ ਤੁੜਵਾਉਣ ਲਈ ਸਕੱਤਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਤੋਂ ਪ੍ਰਵਾਨਗੀ ਲਈ ਪੇਸ਼ ਮਤੇ ਕਾਰਨ ਇਕ ਵਾਰ ਫਿਰ 10 ਸਾਲਾਂ ਤੋਂ ਬੋਤਲ ਵਿਚ ਪਿਆ ਜਿੰਨ ਮੁੜ ਪ੍ਰਗਟ ਹੋ ਗਿਆ ਹੈ | ਹਲਕਾ ਵਿਧਾਇਕ ਦੀ ਹਾਜ਼ਰੀ ਵਿਚ ਮਤੇ ਦਾ ਵਿਰੋਧ ਕਰਦਿਆਂ ਕੁਝ ਕੌਂਸਲਰਾਂ ਨੇ ਕਿਹਾ ਹੈ ਕਿ ਇਹ ਕਿਸੇ ਸਕੀਮ ਦੀ ਨਹੀਂ ਬਲਕਿ ਨਗਰ ਦੀ ਵੇਚੀ ਜ਼ਮੀਨ ਕਰ ਕੇ ਹਾਸਿਲ ਕੀਤੀ ਗਈ ਰਕਮ ਹੈ, ਨੂੰ ਨਗਰ 'ਤੇ ਆਈ ਕਿਸੇ ਆਫ਼ਤ ਸਮੇਂ ਹੀ ਵਰਤਿਆ ਜਾ ਸਕਦਾ ਹੈ | ਜੇਕਰ ਸਰਕਾਰ ਸ਼ਹਿਰ ਦਾ ਵਿਕਾਸ ਕਰਨਾ ਚਾਹੁੰਦੀ ਹੈ ਤਾਂ ਉਹ ਲੋੜੀਂਦੇ ਫ਼ੰਡ ਅਤੇ ਗਰਾਂਟ ਮੁਹੱਈਆ ਕਰਵਾਉਣ | ਜ਼ਿਕਰਯੋਗ ਹੈ ਕਿ ਲਗਪਗ 1 ਦਹਾਕਾ ਪਹਿਲਾਂ ਨਗਰ ਪੰਚਾਇਤ ਵਲੋਂ ਪੰਚਾਇਤ ਦਫ਼ਤਰ ਦੇ ਸਾਹਮਣੇ ਵਾਲੀ ਪਸ਼ੂ ਹਸਪਤਾਲ ਦੀ ਜ਼ਮੀਨ ਨੂੰ ਵੇਚ ਦਿੱਤਾ ਸੀ, ਦਾ ਵਿਰੋਧ ਕਰਦਿਆਂ ਕੁਝ ਕੌਂਸਲਰਾਂ ਵਲੋਂ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ, ਜਿਸ ਵਿਚ ਦੋਸ਼ ਲਾਇਆ ਗਿਆ ਸੀ ਕਿ ਉਕਤ ਜ਼ਮੀਨ ਦਾ ਬਜਾਰੀ ਭਾਅ 4 ਕਰੋੜ ਦੇ ਲਗਪਗ ਹੈ ਪ੍ਰੰਤੂ ਪੰਚਾਇਤ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਇਸ ਨੂੰ 1 ਕਰੋੜ 78 ਲੱਖ ਰੁਪਏ ਵਿਚ ਵੇਚ ਦਿੱਤਾ ਗਿਆ | ਵਿਭਾਗ ਵਲੋਂ ਇਸ ਦੀ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਵਿਜੀਲੈਂਸ ਅਫ਼ਸਰ ਪਾਸੋਂ ਕਰਵਾਈ ਗਈ, ਜਿਸ 'ਤੇ ਮੁੱਖ ਵਿਜੀਲੈਂਸ ਵਲੋਂ ਗੰਭੀਰ ਟਿੱਪਣੀਆਂ ਕਰਦੇ ਤਤਕਾਲ ਪ੍ਰਧਾਨ, ਕਾਰਜ ਸਾਧਕ ਅਫ਼ਸਰ ਅਤੇ ਕਲਰਕ ਵਿਰੁੱਧ ਨਿਯਮਾਂ ਮੁਤਾਬਿਕ ਕਾਰਵਾਈ ਕਰਨ ਲਈ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਿਆ ਗਿਆ ਸੀ | ਮੁੱਖ ਚੌਕਸੀ ਅਫ਼ਸਰ ਨੇ ਵੱਖ ਵੱਖ ਬਿੰਦੂਆਂ 'ਤੇ ਵਿਚਾਰ ਕਰਦਿਆਂ ਰਿਪੋਰਟ 'ਚ ਲਿਖਿਆ ਸੀ ਕਿ ਨਗਰ ਪੰਚਾਇਤ ਭੀਖੀ ਵਲੋਂ ਬੋਲੀ ਦੇ ਇਸ਼ਤਿਹਾਰ 'ਚ ਦਫ਼ਤਰ ਦੇ ਸਾਹਮਣੇ ਵਾਲੀ ਜਗ੍ਹਾ ਵਿਚ ਇਕ ਬਲਾਕ ਜਿਸ 'ਚ ਕਮੇਟੀ ਦੇ ਨਕਸ਼ੇ ਅਨੁਸਾਰ 24 ਦੁਕਾਨਾਂ ਬਣਾਉਣੀਆਂ ਹਨ, ਨੂੰ ਆਨਲਾਈਨ ਬੋਲੀ ਰਾਹੀਂ ਵੇਚਣ ਸਬੰਧੀ ਜ਼ਿਕਰ ਕਰਦਿਆਂ ਕੇਵਲ 767 ਵਰਗ ਗਜ ਜਿਸ ਦੀ ਕੀਮਤ 15000 ਰੁਪਏ ਵਰਗ ਗਜ ਦੇ ਹਿਸਾਬ ਨਾਲ 1 ਕਰੋੜ 16 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਜਦਕਿ ਨਗਰ ਪੰਚਾਇਤ ਦੀ ਰਿਪੋਰਟ ਅਨੁਸਾਰ ਮੌਕੇ 'ਤੇ 18825 ਵਰਗ ਫੁੱਟ (2091.66 ਵਰਗ ਗਜ) ਜ਼ਮੀਨ ਹੈ, ਜਿਸ ਵਿਚ ਤਜਵੀਜਦ ਗਰਾਊਾਡ ਫਲੌਰ ਦਾ ਰਕਬਾ 834.44 ਵਰਗ ਗਜ ਹੈ, ਇਸ ਲਈ ਇਹ ਰਿਕਾਰਡ ਵਿਚ ਸਪਸ਼ਟ ਨਹੀਂ ਹੈ ਕਿ ਨਗਰ ਪੰਚਾਇਤ ਭੀਖੀ ਵਲੋਂ 767 ਵਰਗ ਗਜ ਕਿਸ ਹਿਸਾਬ ਨਾਲ ਕੈਲਕੂਲੇਟ ਕੀਤਾ ਗਿਆ ਅਤੇ ਵੱਖ-ਵੱਖ ਮਤਿਆਂ ਵਿਚ ਕਿਧਰੇ ਵੀ ਜ਼ਿਕਰ ਨਹੀਂ ਹੈ ਕਿ ਮੌਕੇ 'ਤੇ ਇਹ ਦੁਕਾਨਾਂ ਬਣਾਉਣੀਆਂ ਹਨ | ਨਗਰ ਪੰਚਾਇਤ ਵਲੋਂ ਉਪਲਬਧ ਕਰਵਾਏ ਰਿਕਾਰਡ ਵਿਚ ਸਬੰਧਿਤ ਬੋਲੀ/ਕੰਮ ਦੀ ਅਲਾਟਮੈਂਟ ਉਪਰੰਤ ਮੌਕੇ 'ਤੇ ਛੱਡੀ ਪਾਰਕਿੰਗ ਅਨੁਸਾਰ ਕਿੰਨੀ ਮੰਜ਼ਿਲਾਂ ਦੀ ਉਸਾਰੀ ਕੀਤੀ ਜਾਣੀ ਅਤੇ ਉਸ ਸਬੰਧੀ ਏ.ਪੀ.ਪੀ ਤੋਂ ਪ੍ਰਵਾਨਗੀ ਲੈਣ ਲਈ ਬੋਲੀ ਨੂੰ ਕਨਫ਼ਰਮ ਕਰਨ ਲਈ ਮਤਾ ਪ੍ਰਵਾਨ ਕੀਤਾ ਗਿਆ ਹੈ | ਇਸ ਮਤੇ ਦੀ ਪ੍ਰਵਾਨਗੀ ਸਬੰਧੀ ਨਗਰ ਪੰਚਾਇਤ ਵਲੋਂ ਕੋਈ ਦਸਤਾਵੇਜ਼ ਜਮਾਂ ਨਹੀਂ ਕਰਵਾਇਆ ਗਿਆ ਜਦੋਂ ਕਿ ਬੋਲੀ ਲਈ ਅੱਪਲੋਡ ਕੀਤੇ ਨਕਸ਼ੇ ਵਿਚ ਕੇਵਲ ਗਰਾਊਾਡ ਫਲੋਰ ਦੀਆਂ 24 ਦੁਕਾਨਾਂ ਤਜਵੀਜਦ ਕੀਤੀਆਂ ਗਈਆਂ ਹਨ | ਮੁੱਖ ਚੌਕਸੀ ਅਫ਼ਸਰ ਨੇ ਕਿੰਤੂ ਕਰਦਿਆਂ ਕਿਹਾ ਕਿ ਇੱਥੇ ਪਾਰਕਿੰਗ ਦੇ ਹਿਸਾਬ ਨਾਲ ਤਿੰਨ ਮੰਜ਼ਿਲਾਂ ਤੱਕ ਦੀ ਉਸਾਰੀ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਸੀ ਅਤੇ ਅਜਿਹਾ ਕਰਨ ਨਾਲ ਜੋ 24 ਦੁਕਾਨਾਂ ਜ਼ਮੀਨੀ ਤਲ 'ਤੇ ਆਨਲਾਈਨ ਬੋਲੀ ਰਾਹੀਂ ਉਸਾਰਨ ਲਈ ਵੇਚੀਆਂ ਗਈਆਂ ਹਨ, ਉਨ੍ਹਾਂ ਦੀ ਗਿਣਤੀ 72 ਬਣ ਜਾਂਦੀ ਸੀ ਜਦੋਂ ਕਿ ਨਗਰ ਪੰਚਾਇਤ ਵਲੋਂ ਕੇਵਲ 24 ਦੁਕਾਨਾਂ ਵੇਚਣ ਸਬੰਧੀ ਮਤਾ ਪਾਇਆ ਗਿਆ | ਆਨਲਾਈਨ ਲੈਟਰ ਜਾਰੀ ਕਰਨ ਉਪਰੰਤ ਨਗਰ ਪੰਚਾਇਤ ਭੀਖੀ ਵਲੋਂ ਕੇਵਲ ਸਹਾਇਕ ਟਾਊਨ ਪਲੈਨਰ ਬਠਿੰਡਾ ਦੇ ਪੱਧਰ 'ਤੇ ਉਕਤ ਅਨੁਸਾਰ ਪ੍ਰਵਾਨਗੀ ਪ੍ਰਾਪਤ ਕੀਤੀ ਗਈ ਜਦੋਂ ਕਿ ਨਗਰ ਪੰਚਾਇਤ ਨੂੰ ਚਾਹੀਦਾ ਸੀ ਕਿ ਸਬੰਧਿਤ ਜਗ੍ਹਾ 'ਤੇ ਜੇਕਰ ਉਨ੍ਹਾਂ ਵਲੋਂ ਦੁਕਾਨਾਂ ਬੋਲੀ ਰਾਹੀਂ ਵੇਚਣੀਆਂ ਹਨ ਤਾਂ ਇਸ ਸਬੰਧੀ ਤਕਨੀਕੀ ਤੌਰ 'ਤੇ ਇਸ ਜਗ੍ਹਾ ਦਾ ਲੇ-ਆਊਟ ਪਲਾਨ ਤਿਆਰ ਕਰਵਾਉਂਦੇ ਤਾਂ ਜੋ ਮੌਕੇ 'ਤੇ ਉਸਾਰੀਆਂ ਜਾਣ ਵਾਲੀਆਂ ਦੁਕਾਨਾਂ ਦੀ ਗਿਣਤੀ ਪਤਾ ਲੱਗ ਜਾਂਦੀ ਅਤੇ ਨਗਰ ਪੰਚਾਇਤ ਨੂੰ ਵਿੱਤੀ ਲਾਭ ਹੁੰਦਾ | ਦੂਸਰੇ ਪਾਸੇ ਨਗਰ ਦੇ ਕੁੁਝ ਖੱਬੇ ਪੱਖੀ ਆਗੂਆਂ ਵਲੋਂ ਐਫ.ਡੀ. ਤੁੜਵਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਉਕਤ ਰਕਮ ਨਗਰ ਦੀ ਵਪਾਰਕ ਜ਼ਮੀਨ ਵੇਚ ਕੇ ਪ੍ਰਾਪਤ ਕੀਤੇ ਹਨ, ਜੋ ਨਗਰ ਦੀ ਅਮਾਨਤ ਹਨ | ਜੇਕਰ ਸਰਕਾਰ ਸ਼ਹਿਰ ਦਾ ਵਿਕਾਸ ਚਾਹੁੰਦੀ ਹੈ ਤਾਂ ਉਹ ਆਪਣੇ ਪੱਧਰ 'ਤੇ ਫ਼ੰਡਾਂ ਦਾ ਪ੍ਰਬੰਧ ਕਰੇ |