ਬਠਿੰਡਾ, 21 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਨਾਰਾਜ਼ ਹੋ ਕੇ ਘਰਾਂ ਵਿਚ ਬੈਠੇ ਕਾਂਗਰਸ ਪਾਰਟੀ ਦੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਮੌਜੂਦਗੀ ਵਿਚ ਅੱਜ ਮੁੜ ਘਰ ਵਾਪਸੀ ਕੀਤੀ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ¢ ਇਨ੍ਹਾਂ 14 ਪਰਿਵਾਰਾਂ ਵਲੋਂ ਸਾਬਕਾ ਮੇਅਰ ਅਸ਼ੋਕ ਕੁਮਾਰ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਲੱਡੂ, ਮੰਡਲ ਪ੍ਰਧਾਨ ਨਰੇਸ਼ ਮਿੱਤਰ ਦੇ ਉਦਮ ਸਦਕਾ ਘਰ ਵਾਪਸੀ ਕੀਤੀ ਹੈ, ਜਿਨ੍ਹਾਂ ਨੂੰ ਸਮੁੱਚੀ ਲੀਡਰਸ਼ਿਪ ਨੇ ਸਥਾਨਕ ਕਾਂਗਰਸ ਭਵਨ ਵਿਖੇ ਪਾਰਟੀ ਦੇ ਚੋਣ ਨਿਸ਼ਾਨ ਵਾਲਾ ਝੰਡਾ ਪਾ ਕੇ ਜੀ ਆਇਆ ਕਿਹਾ¢ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ, ਜਿਨ੍ਹਾਂ ਵਿਚ ਆਸ਼ੂ ਠਾਕੁਰ, ਲਵੀ ਗਰਗ, ਵਿਸ਼ਾਲ ਗਰਗ, ਤਰੁਣ ਠਾਕੁਰ, ਮੋਹਿਤ ਗੋਰਾ, ਕ੍ਰਿਸ਼ ਅਰੋੜਾ, ਅਨਕੁਰ ਗਰਗ, ਮਨਿੰਦਰ ਸਿੰਘ, ਯੋਗੇਸ਼ ਕੁਮਾਰ, ਹਰਪ੍ਰੀਤ ਸ਼ੈਟੀ, ਸੂਰਜ ਗੁਪਤਾ, ਇੰਦਰਜੀਤ ਭਾਊ, ਨਵੀਨ ਕੁਮਾਰ, ਨਵੀਨ ਬਾਵਾ ਅਤੇ ਪ੍ਰਮੋਦ ਕੁਮਾਰ ਸ਼ਾਮਿਲ ਹਨ, ਜੋ ਜਗਰੂਪ ਗਿੱਲ ਦੇ 'ਆਪ' ਵਿਚ ਸ਼ਾਮਲ ਹੋਣ ਸਮੇਂ 'ਆਪ' 'ਚ ਚਲੇ ਗਏ ਸਨ, ਦੀ ਘਰ ਵਾਪਸੀ ਅਤੇ ਪਾਰਟੀ ਲਈ ਸਰਗਰਮੀ ਇਹ ਦਰਸਾਉਂਦੀ ਹੈ ਕਿ ਨਗਰ ਨਿਗਮ ਚੋਣਾਂ ਵਿਚ ਸ਼ਹਿਰ ਵਾਸੀਆਂ ਵਿਚ ਕਾਂਗਰਸ ਪ੍ਰਤੀ ਪੂਰਾ ਉਤਸ਼ਾਹ ਹੈ¢ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਆਗੂ ਰਾਹੁਲ ਗਾਂਧੀ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਨਗਰ ਨਿਗਮ ਚੋਣਾਂ ਲਈ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਾਰਟੀ ਲਈ ਵਫ਼ਾਦਾਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ¢ ਉਨ੍ਹਾਂ ਚੋਣ ਨਿਸ਼ਾਨ 'ਪੰਜੇ' 'ਤੇ ਚੋਣ ਜਿੱਤ ਕੇ ਦਲ ਬਦਲੀ ਕਰਨ ਵਾਲੇ ਕੌਂਸਲਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਮਾਂ ਪਾਰਟੀ ਨਾਲ ਧੋਖਾ ਮਾੜੀ ਗੱਲ ਹੈ ਪਰ ਇਸ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਹੁਣ ਪਾਰਟੀ ਵਿਚ ਬਰਦਾਸ਼ਤ ਨਹੀਂ ਹੋਣਗੀਆਂ ਕਿ ਸਵੇਰੇ ਹਾਜ਼ਰੀ ਕਾਂਗਰਸ ਭਵਨ ਅਤੇ ਸ਼ਾਮ ਨੂੰ ਹਾਜ਼ਰੀ ਕਿਸੇ ਹੋਰ ਪਾਰਟੀ ਦੇ ਦਫ਼ਤਰ ਵਿਚ ਹੋਵੇ¢ ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਠੇਕੇਦਾਰ, ਮੀਤ ਪ੍ਰਧਾਨ ਰੁਪਿੰਦਰ ਬਿੰਦਰਾ, ਬਲਾਕ ਪ੍ਰਧਾਨ ਮਾਧਵ ਸ਼ਰਮਾ, ਕਿਰਨਜੀਤ ਸਿੰਘ ਗਹਿਰੀ, ਸਨੀ ਬਰਾੜ, ਚੇਅਰਮੈਨ ਸੁਨੀਲ ਕੁਮਾਰ, ਦੁਲੀ ਚੰਦ ਕਲਾਣੀਆ, ਰੂਪ ਸਿੰਘ ਅਤੇ ਹੋਰ ਆਗੂ ਵੀ ਹਾਜ਼ਰ ਸਨ¢