ਮਾਨਸਾ, 21 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਪੁਲਿਸ ਵਲੋਂ ਸੂਬੇ ਨੂੰ ਗੈਂਗਸਟਰ ਮੁਕਤ ਬਣਾਉਣ ਲਈ ਸ਼ੁਰੂ ਕੀਤੀ 'ਗੈਂਗਸਟਰਾਂ ਤੇ ਵਾਰ' ਮੁਹਿੰਮ ਤਹਿਤ ਜ਼ਿਲੇ੍ਹ 'ਚ ਸਖ਼ਤ ਨੀਤੀ ਅਪਣਾਈ ਜਾਵੇਗੀ | ਇਸ ਤਹਿਤ 72 ਘੰਟਿਆਂ ਲਈ 'ਅਪਰੇਸ਼ਨ ਪਰਹਾਰ' ਸ਼ੁਰੂ ਕੀਤਾ ਗਿਆ ਹੈ | ਭਾਗੀਰਥ ਸਿੰਘ ਮੀਨਾ ਐਸ. ਐਸ. ਪੀ. ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਇਸ ਅਪਰੇਸ਼ਨ ਤਹਿਤ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਹੈ | ਇਸ ਮੁਹਿੰਮ 'ਚ 2 ਐਸ. ਪੀ., 7 ਡੀ. ਐਸ. ਪੀ., 12 ਥਾਣਿਆਂ ਦੇ ਮੁੱਖ ਅਫ਼ਸਰ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸਮੇਤ 357 ਪੁਲਿਸ ਕਰਮਚਾਰੀ ਸ਼ਾਮਿਲ ਸਨ | ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਗੰਭੀਰ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ 65 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਨੂੰ ਕਾਰਵਾਈ ਕੀਤੀ ਗਈ ਹੈ | ਸ੍ਰੀ ਮੀਨਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਕਿਸੇ ਵੀ ਮਾੜੇ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਤੇ ਗੈਂਗਸਟਰਾਂ ਦੇ ਖ਼ਾਤਮੇ ਲਈ ਮੁਹਿੰਮ ਬਰਕਰਾਰ ਜਾਰੀ ਰਹੇਗੀ | ਇਸ ਮੌਕੇ ਮਨਮੋਹਨ ਸਿੰਘ ਔਲਖ ਐਸ. ਪੀ., ਬੂਟਾ ਸਿੰਘ ਗਿੱਲ ਡੀ. ਐਸ. ਪੀ. ਸਬ ਡਵੀਜ਼ਨ ਮਾਨਸਾ, ਅਮਰੀਕ ਸਿੰਘ ਮੁਖੀ ਥਾਣਾ ਸਦਰ ਮਾਨਸਾ ਆਦਿ ਹਾਜ਼ਰ ਸਨ |