17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸਾਬਕਾ ਮੰਤਰੀ ਸਿੱਧੂ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਨੂੰ ਲੈ ਕੇ ‘ਆਪ’ ਸਰਕਾਰ ’ਤੇ ਲਗਾਏ ਗੰਭੀਰ ਦੋਸ਼

ਐੱਸ. ਏ.

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ। 17-11-2026
ਐੱਸ. ਏ. ਐੱਸ. ਨਗਰ, 16 ਨਵੰਬਰ (ਪ੍ਰੋ. ਅਵਤਾਰ ਸਿੰਘ)-ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਸਰਕਾਰ ਨੇ ਲੋਕਾਂ ਦੀ ਧਾਰਮਿਕ ਆਸਥਾ ਨਾਲ ਜੁੜੀ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਨੂੰ ਭ੍ਰਿਸ਼ਟਾਚਾਰ ਅਤੇ ਜਨਤਾ ਦੇ ਪੈਸੇ ਦੀ ਸਿੱਧੀ ਲੁੱਟ ਦਾ ਸਾਧਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਤੀਰਥ ਯਾਤਰਾ ਯੋਜਨਾ ਦਾ ਵਿਚਾਰ ਤਾਂ ਚੰਗਾ ਹੈ, ਪਰ ਮੌਜੂਦਾ ਸਰਕਾਰ ਵਲੋਂ ਇਸ ਨੂੰ ਲਾਗੂ ਕਰਨ ਦਾ ਢੰਗ ਬੇਹੱਦ ਮਾੜਾ ਅਤੇ ਘਪਲਿਆਂ ਨਾਲ ਭਰਪੂਰ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਦੇ ਟਰਾਂਸਪੋਰਟਰਾਂ ਨੂੰ ਅਣਦੇਖਾ ਕਰਕੇ ਇਸ ਯੋਜਨਾ ਦਾ ਠੇਕਾ ਪੰਜਾਬ ਤੋਂ ਬਾਹਰਲੀਆਂ ਕੰਪਨੀਆਂ ਅਤੇ ਅਰਵਿੰਦ ਕੇਜਰੀਵਾਲ ਦੇ ਚਹੇਤਿਆਂ ਨੂੰ ਬੇਹੱਦ ਮਹਿੰਗੇ ਰੇਟਾਂ ‘ਤੇ ਦਿੱਤਾ ਗਿਆ ਹੈ ਤਾਂ ਜੋ ਸਰਕਾਰੀ ਖ਼ਜ਼ਾਨੇ ਨੂੰ ਸ਼ਰੇਆਮ ਲੁੱਟਿਆ ਜਾ ਸਕੇ। ਸਾਬਕਾ ਮੰਤਰੀ ਸਿੱਧੂ ਨੇ ਠੇਕੇਦਾਰ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਸ਼ਰਧਾਲੂਆਂ ਦੀ ਜਾਨ ਨਾਲ ਖਿਲਵਾੜ ਕਰਦਿਆਂ ਯਾਤਰਾ ਲਈ ਪੁਰਾਣੀਆਂ ਅਤੇ ਕੰਡਮ ਬੱਸਾਂ ਕਿਰਾਏ ‘ਤੇ ਲਈਆਂ ਗਈਆਂ ਹਨ। ਇਨ੍ਹਾਂ ਬੱਸਾਂ ਦੀ ਨਾ ਤਾਂ ਕੋਈ ਸਮਾਂਬੱਧ ਤਕਨੀਕੀ ਜਾਂਚ ਕਰਵਾਈ ਜਾਂਦੀ ਹੈ ਅਤੇ ਨਾ ਹੀ ਇਨ੍ਹਾਂ ਦੇ ਡਰਾਈਵਰ ਤਜ਼ਰਬੇਕਾਰ ਹਨ। ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਅਤੇ ਠੇਕੇਦਾਰ ਦੀ ਇਸੇ ਲਾਪ੍ਰਵਾਹੀ ਤੇ ਬਦਇੰਤਜ਼ਾਮੀ ਕਾਰਨ ਹਾਲ ਹੀ ‘ਚ ਤਰਨਤਾਰਨ ਨੇੜੇ ਤੀਰਥ ਯਾਤਰਾ ਵਾਲੀਆਂ ਦੋ ਬੱਸਾਂ ਦੀ ਭਿਆਨਕ ਟੱਕਰ ਦੌਰਾਨ 4 ਬੇਕਸੂਰ ਸ਼ਰਧਾਲੂਆਂ ਦੀਆਂ ਕੀਮਤੀ ਜਾਨਾਂ ਚਲੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੀ ਸਿੱਧੀ ਜ਼ਿੰਮੇਵਾਰੀ ਸੂਬਾ ਸਰਕਾਰ ਦੇ ਸਿਰ ਆਉਂਦੀ ਹੈ। ਉਨ੍ਹਾਂ ਇਸ ਯੋਜਨਾ ‘ਚ ਹੋ ਰਹੇ ਵਿੱਤੀ ਘਪਲੇ ਦਾ ਪਰਦਾਫਾਸ਼ ਕਰਦਿਆਂ ਕਿਹਾ ਕਿ ਬੱਸਾਂ ‘ਚ ਅਸਲ ਯਾਤਰੀਆਂ ਦੀ ਗਿਣਤੀ ਸਿਰਫ਼ 20 ਦੇ ਕਰੀਬ ਹੁੰਦੀ ਹੈ, ਪਰ ਠੇਕੇਦਾਰ ਵਲੋਂ ਸਰਕਾਰੀ ਖ਼ਜ਼ਾਨੇ ‘ਚੋਂ 40 ਯਾਤਰੀਆਂ ਦੇ ਹਿਸਾਬ ਨਾਲ ਬਿੱਲ ਵਸੂਲੇ ਜਾ ਰਹੇ ਹਨ। ਇਸੇ ਤਰ੍ਹਾਂ ਸ਼ਰਧਾਲੂਆਂ ਨੂੰ ਦਿੱਤੇ ਜਾਣ ਵਾਲੇ ਖਾਣੇ, ਚਾਹ, ਪਾਣੀ ਅਤੇ ਪਿੱਤਲ ਦੇ ਗਲਾਸਾਂ ਲਈ ਵੀ ਬਾਜ਼ਾਰੀ ਕੀਮਤ ਨਾਲੋਂ ਕਈ ਗੁਣਾ ਵੱਧ ਰੇਟ ਠੇਕੇਦਾਰ ਨੂੰ ਅਦਾ ਕੀਤੇ ਜਾ ਰਹੇ ਹਨ। ਸਿੱਧੂ ਨੇ ਮੰਗ ਕੀਤੀ ਕਿ ਤੀਰਥ ਯਾਤਰਾ ਯੋਜਨਾ ਦੀ ਆੜ ‘ਚ ਹੋਏ ਇਸ ਕਰੋੜਾਂ ਰੁ. ਦੇ ਘਪਲੇ ਅਤੇ 4 ਸ਼ਰਧਾਲੂਆਂ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਬਾਹਰਲੇ ਸੂਬਿਆਂ ਦੇ ਠੇਕੇਦਾਰਾਂ ਰਾਹੀਂ ਲੁੱਟਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਂਗਰਸ ਪਾਰਟੀ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰੇਗੀ।
ਪਿਛਲੀ ਖ਼ਬਰ ਲਾਲ ਕਿਲ੍ਹਾ ਧਮਾਕੇ ਨਾਲ ਜੁੜੇ ਮਾਮਲੇ ਐਨ.ਆਈ.ਏ. ਅਦਾਲਤ ’ਚ ਤਬਦੀਲ ਅਗਲੀ ਖ਼ਬਰ ਛੱਠ ਪੂਜਾ ਕੁਦਰਤ, ਸੱਭਿਆਚਾਰ ਤੇ ਰਾਸ਼ਟਰਵਾਦ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਮਹਾਂਪਰਵ-ਗੁਰਦਰਸ਼ਨ ਸਿੰਘ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।