ਕੂੜੇ ਦੇ ਪਹਾੜ ਦੀ ਥਾਂ ਹੁਣ ਬਣੇਗਾ ਹਰਿਆਲੀ ਦਾ ਕੇਂਦਰ, ਡੱਡੂਮਾਜਰਾ ’ਚ ਤਿਆਰ ਹੋਵੇਗਾ ਔਸ਼ਧੀ ਬਾਗ਼
ਪ੍ਰਸ਼ਾਸਕ ਕਟਾਰੀਆ ਨੇ 3.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਦਾ ਕੀਤਾ ਆਗਾਜ਼
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ) - ਕਦੇ ਕੂੜੇ ਦੇ ਪਹਾੜ ਵਜੋਂ ਜਾਣਿਆ ਜਾਂਦਾ ਡੱਡੂਮਾਜਰਾ ਦਾ ਡੰਪਿੰਗ ਗਰਾਊਂਡ ਹੁਣ ਔਸ਼ਧੀ ਬੂਟਿਆਂ ਤੇ ਦੇਸੀ ਰੁੱਖਾਂ ਨਾਲ ਮਹਿਕਣ ਵਾਲੇ ਬਾਗ਼ ਵਿਚ ਤਬਦੀਲ ਹੋਵੇਗਾ। ਸੰਤ ਸਮਾਜ ਨੇ ਇਸ ਮੁੜ ਵਿਕਸਿਤ ਥਾਂ ਨੂੰ ਗੋਦ ਲੈ ਕੇ ਇੱਥੇ ਵਿਸ਼ਾਲ ਔਸ਼ਧੀ ਬਾਗ਼ ਸਥਾਪਤ ਕਰਨ ਦਾ ਸੰਕਲਪ ਲਿਆ ਹੈ।
ਚੰਡੀਗੜ੍ਹ, 16 ਨਵੰਬਰ (ਸੰਦੀਪ ਕੁਮਾਰ ਮਾਹਨਾ) - ਕਦੇ ਕੂੜੇ ਦੇ ਪਹਾੜ ਵਜੋਂ ਜਾਣਿਆ ਜਾਂਦਾ ਡੱਡੂਮਾਜਰਾ ਦਾ ਡੰਪਿੰਗ ਗਰਾਊਂਡ ਹੁਣ ਔਸ਼ਧੀ ਬੂਟਿਆਂ ਤੇ ਦੇਸੀ ਰੁੱਖਾਂ ਨਾਲ ਮਹਿਕਣ ਵਾਲੇ ਬਾਗ਼ ਵਿਚ ਤਬਦੀਲ ਹੋਵੇਗਾ। ਸੰਤ ਸਮਾਜ ਨੇ ਇਸ ਮੁੜ ਵਿਕਸਿਤ ਥਾਂ ਨੂੰ ਗੋਦ ਲੈ ਕੇ ਇੱਥੇ ਵਿਸ਼ਾਲ ਔਸ਼ਧੀ ਬਾਗ਼ ਸਥਾਪਤ ਕਰਨ ਦਾ ਸੰਕਲਪ ਲਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਨੂੰ ‘ਹਰਬਲ ਗਾਰਡਨ ਸਿਟੀ’ ਵਜੋਂ ਵਿਕਸਿਤ ਕਰਨ ਲਈ ਸ਼ਹਿਰ ਭਰ ਵਿਚ 3.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਅਤੇ ਸੰਤ ਸਮਾਜ ਦੀ ਇਸ ਸਾਂਝੀ ਪਹਿਲਕਦਮੀ ਦਾ ਆਗਾਜ਼ ਕਰਦਿਆਂ ਵਾਤਾਵਰਨ ਸੰਭਾਲ ਨੂੰ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਦੱਸਿਆ। ਨਗਰ ਨਿਗਮ ਚੰਡੀਗੜ੍ਹ ਵਲੋਂ ਸਵਾਮੀ ਰਾਜੇਸ਼ਵਰਾਨੰਦ ਮਹਾਰਾਜ ਟਰੱਸਟ ਤੇ ਸੰਤ ਸਮਾਜ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਬੂਟੇ ਲਗਾਏ ਜਾਣਗੇ। ਮੁਹਿੰਮ ਦਾ ਮੁੱਖ ਉਦੇਸ਼ ਸ਼ਹਿਰ ’ਚ ਹਰਿਆਵਲ ਵਧਾਉਣ ਦੇ ਨਾਲ-ਨਾਲ ਔਸ਼ਧੀ ਬੂਟਿਆਂ ਅਤੇ ਦੇਸੀ ਰੁੱਖਾਂ ਨੂੰ ਉਤਸ਼ਾਹਿਤ ਕਰਨਾ ਹੈ। ਡੰਪਿੰਗ ਗਰਾਊਂਡ ਨੂੰ ਮਿਲੇਗੀ ਨਵੀਂ ਪਛਾਣ ਇਸ ਪਹਿਲਕਦਮੀ ਦਾ ਅਹਿਮ ਪਹਿਲੂ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ ਵਲੋਂ ਡੱਡੂਮਾਜਰਾ ਦੇ ਮੁੜ ਵਿਕ ਸਿਤ ਡੰਪਿੰਗ ਗਰਾਊਂਡ ਨੂੰ ਸੰਤ ਸਮਾਜ ਵਲੋਂ ਗੋਦ ਲੈਣ ਦਾ ਐਲਾਨ ਰਿਹਾ। ਉਨ੍ਹਾਂ ਕਿਹਾ ਕਿ ਇਸ ਸਥਾਨ ਨੂੰ ਔਸ਼ਧੀ ਬੂਟਿਆਂ, ਦੇਸੀ ਰੁੱਖਾਂ ਅਤੇ ਸੁੰਦਰ ਹਰਿਆਲੀ ਨਾਲ ਭਰਪੂਰ ਬਾਗ਼ ਵਜੋਂ ਵਿਕਸਿਤ ਕਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਭਾਰਤ ਦੀ ਪ੍ਰਾਚੀਨ ਆਯੁਰਵੈਦਿਕ ਪਰੰਪਰਾ ਦਾ ਜ਼ਿਕਰ ਕਰਦਿਆਂ ਔਸ਼ਧੀ ਬੂਟਿਆਂ ਦੀ ਮਹੱਤਤਾ ਉੱਤੇ ਚਾਨਣਾ ਪਾਇਆ ਤੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਤੇ ਔਸ਼ਧੀ ਬਗੀਚਿਆਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਅਤੇ ਸੰਤ ਸਮਾਜ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੁਰੱਖਿਆ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਦਾ ਸਾਂਝਾ ਫ਼ਰਜ਼ ਹੈ। ਆਉਣ ਵਾਲੀਆਂ ਪੀੜ੍ਹੀਆਂ ਲਈ ਹਰਿਆ-ਭਰਿਆ ਵਿਰਸਾ ਸਿਰਜਣ ਦਾ ਟੀਚਾ ਮੇਅਰ ਸੌਰਭ ਜੋਸ਼ੀ ਨੇ ਸੰਤ ਸਮਾਜ ਤੇ ਧਾਰਮਿਕ ਸ਼ਖ਼ਸੀਅਤਾਂ ਦਾ ਸਵਾਗਤ ਕਰਦਿਆਂ ਸਵਾਮੀ ਰਾਜੇਸ਼ਵਰਾਨੰਦ ਅਤੇ ਸਮੂਹ ਸੰਤ ਸਮਾਜ ਦਾ ਇਸ ਨੇਕ ਕਾਰਜ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦਾ ਉਦੇਸ਼ ਸਿਰਫ਼ 3.50 ਲੱਖ ਬੂਟੇ ਲਗਾਉਣਾ ਹੀ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਥਾਈ ਹਰਿਆ-ਭਰਿਆ ਵਿਰਸਾ ਸਿਰਜਣਾ ਹੈ। ਉਨ੍ਹਾਂ ਕਿਹਾ ਕਿ ਕੂੜੇ ਤੇ ਵਾਤਾਵਰਨ ਨਾਲ ਜੁੜੀਆਂ ਚੁਣੌਤੀਆਂ ਵਾਲੀਆਂ ਥਾਵਾਂ ਨੂੰ ਹਰਿਆਲੀ ਦੀ ਅਨਮੋਲ ਦੌਲਤ ਵਿਚ ਬਦਲਣਾ ਸਮੇਂ ਦੀ ਲੋੜ ਹੈ। ਡੱਡੂਮਾਜਰਾ ਦੇ ਡੰਪਿੰਗ ਗਰਾਊਂਡ ਨੂੰ ਔਸ਼ਧੀ ਬਾਗ਼ ਵਜੋਂ ਵਿਕਸਿਤ ਕਰਨਾ ਇਸ ਦਿਸ਼ਾ ਵਿਚ ਮਹੱਤਵਪੂਰਨ ਕਦਮ ਹੋਵੇਗਾ। ਉਨ੍ਹਾਂ ਭਰੋਸਾ ਦਿਵਾਇਆ ਕਿ ਨਗਰ ਨਿਗਮ ਵਲੋਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਪ੍ਰਸ਼ਾਸਕ, ਮੇਅਰ ਤੇ ਸੰਤ ਸਮਾਜ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਬੂਟਿਆਂ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੂਟੇ ਸੰਤ ਸਮਾਜ ਵਲੋਂ ਮੁਹੱਈਆ ਕਰਵਾਏ ਗਏ ਹਨ। ਇਸ ਤੋਂ ਬਾਅਦ ਸੈਕਟਰ-24 ਸੀ ਦੀ ਗ੍ਰੀਨ ਬੈਲਟ ਵਿਚ ਔਸ਼ਧੀ ਬੂਟੇ ਲਗਾ ਕੇ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਦੇ ਨਾਲ ਹੀ ਡੱਡੂਮਾਜਰਾ ਦੇ ਮੁੜ ਵਿਕਸਿਤ ਡੰਪਿੰਗ ਗਰਾਊਂਡ ਵਿਚ ਵੀ ਬੂਟੇ ਲਗਾਏ ਗਏ। ਸ਼ਹਿਰ ਦੇ ਪ੍ਰਮੁੱਖ ਹਰੇ-ਭਰੇ ਸਥਾਨਾਂ ’ਤੇ ਲੱਗਣਗੇ ਬੂਟੇ ਮੁਹਿੰਮ ਤਹਿਤ ਰਾਮਲੀਲਾ ਗਰਾਊਂਡ ਸੈਕਟਰ-24, ਬਾਂਸ ਵੈਲੀ ਸੈਕਟਰ-23, ਲੀਜ਼ਰ ਵੈਲੀ, ਸ਼ਾਂਤੀ ਕੁੰਜ, ਰਾਜਿੰਦਰਾ ਗਾਰਡਨ, ਜਾਪਾਨੀ ਗਾਰਡਨ, ਸ਼ਿਵਾਲਿਕ ਗਾਰਡਨ ਮਨੀਮਾਜਰਾ ਤੇ ਸ਼ਹਿਰ ਦੀਆਂ ਹੋਰ ਗ੍ਰੀਨ ਬੈਲਟਾਂ ਵਿਚ ਬੂਟੇ ਲਗਾਏ ਜਾਣਗੇ। ਇਸ ਦੌਰਾਨ ਨਿੰਮ, ਆਂਵਲਾ, ਬਾਂਸ, ਵੱਖ-ਵੱਖ ਔਸ਼ਧੀ ਬੂਟੇ ਤੇ ਦੇਸੀ ਕਿਸਮਾਂ ਦੇ ਰੁੱਖ ਲਗਾਉਣ ਦੀ ਯੋਜਨਾ ਹੈ। ਇਸ ਨਾਲ ਸ਼ਹਿਰ ਦੇ ਹਰੇ-ਭਰੇ ਖੇਤਰ ਵਿਚ ਵਾਧਾ ਹੋਣ ਦੇ ਨਾਲ-ਨਾਲ ਜੈਵਿਕ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇਗਾ। ਸਮਾਗਮ ਵਿਚ ਪੰਜਾਬ, ਹਰਿਆਣਾ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਖ-ਵੱਖ ਧਾਰਮਿਕ ਸੰਪਰਦਾਵਾਂ, ਸੰਸਥਾਵਾਂ ਤੇ ਅਖਾੜਿਆਂ ਨਾਲ ਸਬੰਧਤ ਸੈਂਕੜੇ ਸੰਤਾਂ-ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸੰਤ ਸਮਾਜ ਵਲੋਂ ਵਾਤਾਵਰਨ ਦੀ ਸੰਭਾਲ ਅਤੇ ਸਮਾਜ ਭਲਾਈ ਪ੍ਰਤੀ ਸਾਂਝੀ ਵਚਨਬੱਧਤਾ ਪ੍ਰਗਟਾਈ ਗਈ। ਸਮਾਗਮ ਵਿਚ ਆਚਾਰੀਆ ਸਵਾਮੀ ਰਾਜੇਸ਼ਵਰਾਨੰਦ (ਨਿਰਮਲ ਅਖਾੜਾ), ਸੰਤ ਬਾਬਾ ਗੁਰਪ੍ਰੀਤ ਸਿੰਘ (ਬਰਨ ਵਾਲੇ), ਸੰਤ ਬਾਬਾ ਲੱਖਾ ਸਿੰਘ (ਨਾਨਕਸਰ), ਸੰਤ ਬਾਬਾ ਜੋਗਾ ਸਿੰਘ (ਨਾਮਧਾਰੀ), ਸੰਤ ਬਾਬਾ ਸ਼ੇਰ ਸਿੰਘ (ਬੁੱਢਾ ਦਲ), ਬਾਬਾ ਪਰਮਜੀਤ ਸਿੰਘ (ਨਿਹੰਗ ਸਿੰਘ ਜਥੇਬੰਦੀ), ਸੰਤ ਬਾਬਾ ਸੁਖਪਾਲ ਸਿੰਘ (ਤਰਨਾ ਦਲ), ਸੰਤ ਬਾਬਾ ਸੁਖਦੇਵ ਸਿੰਘ (ਮਸਤੂਆਣਾ), ਸੰਤ ਬਾਬਾ ਸਤਪਾਲ ਸਿੰਘ (ਸੰਗਰੂਰ ਵਾਲੇ), ਸੰਤ ਬਾਬਾ ਹਕਮ ਸਿੰਘ, ਸੰਤ ਬਾਬਾ ਰਣਪ੍ਰੀਤ ਸਿੰਘ (ਨਿਰਮਲ ਅਖਾੜਾ), ਸੰਤ ਬਾਬਾ ਹਰਮਨ ਸਿੰਘ (ਸਿਖੋਵਾਲੇ), ਸਾਈਂ ਨਾਥ (ਖੰਨਾ), ਮਹੰਤ ਜਸਵੀਰ ਦਾਸ (ਫਰੀਦਕੋਟ ਵਾਲੇ) ਤੇ ਸਵਾਮੀ ਕੇਸ਼ਵਾਨੰਦ ਸਮੇਤ ਹੋਰ ਸੰਤ-ਮਹਾਂਪੁਰਸ਼ ਮੌਜੂਦ ਸਨ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਮੁੱਖ ਇੰਜੀਨੀਅਰ ਸੰਜੇ ਅਰੋੜਾ, ਨਗਰ ਨਿਗਮ ਦੇ ਸੀਨੀਅਰ ਅਧਿਕਾਰੀ, ਪਤਵੰਤੇ ਨਾਗਰਿਕ ਤੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।