ਐੱਸ. ਏ. ਐੱਸ. ਨਗਰ, 23 ਸਤੰਬਰ (ਕਪਿਲ ਵਧਵਾ)-ਕਰੋੜਾਂ ਰੁ. ਦੀ ਫਿਰੌਤੀ ਵਸੂਲਣ ਦੇ ਮੰਤਵ ਨਾਲ ਮੁਹਾਲੀ ਦੇ ਫੇਜ਼-10 ਅਤੇ ਸੈਕਟਰ-104 ਵਿਖੇ ਵਾਪਰੀਆਂ ਫਾਇਰਿੰਗ ਦੀਆਂ ਘਟਨਾਵਾਂ ਨਾਲ ਸੰਬੰਧਿਤ ਮਾਮਲਿਆਂ ਵਿਚ ਫੇਜ਼-11 ਅਤੇ ਥਾਣਾ ਸੋਹਾਣਾ ਦੀ ਪੁਲਿਸ ਵਲੋਂ 7 ਮੁਲਜ਼ਮਾਂ ਨੂੰ ਅੱਜ ਨਿਆਂਇਕ ਮੈਜਿਸਟ੍ਰੇਟ ਪੂਨਮ ਕਸ਼ੱਯਪ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਮੁਲਜ਼ਮਾਂ ‘ਚ ਚੰਡੀਗੜ੍ਹ ਦੇ ਸੈਕਟਰ-35ਏ ਦਾ ਰਹਿਣ ਵਾਲਾ ਆਕਾਸ਼ਦੀਪ ਸਿੰਘ, ਬਠਿੰਡਾ ਦੇ ਪਿੰਡ ਲਹਿਰਾ ਸੌਧਾ ਦਾ ਰਹਿਣ ਵਾਲਾ ਪ੍ਰਵੀਨ ਕੁਮਾਰ ਉਰਫ਼ ਕਾਲੂ, ਖਰੜ ਦੀ ਆਂਸਲ ਕਾਲੋਨੀ ਸੈਕਟਰ-114 ਦਾ ਰਹਿਣ ਵਾਲਾ ਜਸਮਨਦੀਪ ਸਿੰਘ, ਯਮੁਨਾਨਗਰ (ਹਰਿਆਣਾ) ਦੇ ਪਿੰਡ ਸ਼ੇਖਪੁਰਾ ਦਾ ਰਹਿਣ ਵਾਲਾ ਦੁਸ਼ੰਤ ਸ਼ਰਮਾ ਉਰਫ਼ ਸ਼ੰਮੀ, ਬੁੜੈਲ ਜੇਲ੍ਹ ‘ਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਅਤੇ ਪਟਿਆਲਾ ਜੇਲ੍ਹ ‘ਚ ਬੰਦ ਸਿਮਰਦੀਪ ਸਿੰਘ ਤੇ ਸੰਦੀਪ ਸ਼ਾਮਿਲ ਹਨ। ਪੁਲਿਸ ਵਲੋਂ ਰਵਿੰਦਰ ਸਿੰਘ ਉਰਫ਼ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਬੁੜੈਲ ਜੇਲ੍ਹ ਤੋਂ, ਜਦਕਿ ਸਿਮਰਦੀਪ ਸਿੰਘ ਨੂੰ ਪਟਿਆਲਾ ਜੇਲ੍ਹ ਤੋਂ ਲਿਆ ਕੇ ਪੁੱਛਗਿੱਛ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ 6 ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ, ਜਦਕਿ ਸਿਮਰਦੀਪ ਸਿੰਘ ਨੂੰ ਪੁੱਛਗਿੱਛ ਲਈ 2 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਣ ਦੇ ਹੁਕਮ ਸੁਣਾਏ। ਜਾਂਚ ਅਧਿਕਾਰੀਆਂ ਮੁਤਾਬਿਕ ਫਾਇਰਿੰਗ ਦੇ ਦੋਵਾਂ ਮਾਮਲਿਆਂ ਵਿਚ ਮੁਲਜ਼ਮਾਂ ਦੀ ਭੂਮਿਕਾ ਦੀ ਵੱਖ-ਵੱਖ ਪੱਧਰਾਂ ‘ਤੇ ਜਾਂਚ ਕੀਤੀ ਜਾ ਰਹੀ ਹੈ। ਜੇਲ੍ਹਾਂ ‘ਚ ਬੰਦ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦਾ ਮਕਸਦ ਵੀ ਉਨ੍ਹਾਂ ਦੀ ਭੂਮਿਕਾ ਅਤੇ ਵਾਰਦਾਤਾਂ ਨਾਲ ਸੰਬੰਧਾਂ ਦੀ ਜਾਂਚ ਕਰਨਾ ਹੈ। ਪੁਲਿਸ ਵਲੋਂ ਸਿਮਰਦੀਪ ਸਿੰਘ ਤੋਂ ਰਿਮਾਂਡ ਦੌਰਾਨ ਵਾਰਦਾਤ ਨਾਲ ਜੁੜੇ ਸੰਪਰਕਾਂ ਅਤੇ ਹੋਰ ਮੁਲਜ਼ਮਾਂ ਦੀ ਭੂਮਿਕਾ ਸੰਬੰਧੀ ਪੁੱਛਗਿੱਛ ਕੀਤੀ ਜਾਵੇਗੀ।