ਐੱਸ. ਏ. ਐੱਸ. ਨਗਰ, 19 ਸਤੰਬਰ (ਕਪਿਲ ਵਧਵਾ)-ਮੁਹਾਲੀ ਦੇ ਆਈ. ਟੀ. ਸਿਟੀ ਇਲਾਕੇ ਵਿਚ ਜ਼ਮੀਨਦੋਜ਼ ਬਿਜਲੀ ਕੇਬਲ ਨੂੰ ਨੁਕਸਾਨ ਪਹੁੰਚਾਉਣ ਅਤੇ ਡਿਊਟੀ ‘ਤੇ ਤਾਇਨਾਤ ਬਿਜਲੀ ਮੁਲਾਜ਼ਮਾਂ ਨਾਲ ਕਥਿਤ ਤੌਰ ‘ਤੇ ਗਾਲੀ-ਗਲੋਚ ਤੇ ਹੱਥੋਂਪਾਈ ਕਰਨ ਸਮੇਤ ਧਮਕੀਆਂ ਦੇਣ ਦੇ ਮਾਮਲੇ ਵਿਚ ਥਾਣਾ ਆਈ. ਟੀ. ਸਿਟੀ ਦੀ ਪੁਲਿਸ ਨੇ ਓਮ ਗਿਰ ਪੁੱਤਰ ਬਖਸ਼ੀਸ਼ ਗਿਰ ਵਾਸੀ ਪਿੰਡ ਸ਼ਿਆਮਪੁਰ ਲਾਂਡਰਾਂ-ਬਨੂੰੜ ਰੋਡ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਬਿਜਲੀ ਵਿਭਾਗ ਦੇ ਜੇ. ਈ. ਤਲਵਿੰਦਰ ਸਿੰਘ ਨੇ ਦੱਸਿਆ ਕਿ 9 ਸਤੰਬਰ ਨੂੰ ਐਰੋਸਿਟੀ-2 ਫ਼ੀਡਰ ਵਿਚ ਫਾਲਟ ਪੈਣ ਤੋਂ ਬਾਅਦ ਮੁਲਾਜ਼ਮਾਂ ਨੂੰ ਫਾਲਟ ਲੱਭਣ ਲਈ ਭੇਜਿਆ ਗਿਆ ਸੀ। ਜਾਂਚ ਦੌਰਾਨ ਪਤਾ ਚੱਲਿਆ ਕਿ ਬਲਾਕ ਐਫ ਨੇੜੇ ਇਕ ਟਰੈਕਟਰ ਨਾਲ ਸੜਕ ‘ਤੇ ਖੱਡੇ ਕੀਤੇ ਜਾ ਰਹੇ ਸਨ, ਜਿਸ ਕਾਰਨ ਜ਼ਮੀਨਦੋਜ਼ ਬਿਜਲੀ ਦੀ ਕੇਬਲ ਨੁਕਸਾਨੀ ਗਈ ਅਤੇ ਬਲਾਕ ਐਫ ਤੇ ਐਚ ਦੀ ਬਿਜਲੀ ਸਪਲਾਈ ਠੱਪ ਹੋ ਗਈ। ਸ਼ਿਕਾਇਤ ਅਨੁਸਾਰ ਬਿਜਲੀ ਮੁਲਾਜ਼ਮਾਂ ਵਲੋਂ ਜਦੋਂ ਟਰੈਕਟਰ ਚਾਲਕ ਨੂੰ ਰੋਕ ਕੇ ਕੰਮ ਬਾਰੇ ਪੁੱਛਿਆ ਗਿਆ ਤਾਂ ਉਹ ਟਰੈਕਟਰ ਭਜਾ ਕੇ ਲੈ ਗਿਆ। ਪਿੱਛਾ ਕਰਨ ‘ਤੇ ਉਸ ਨੇ ਟਰੈਕਟਰ ਮੁਲਾਜ਼ਮਾਂ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਬਾਅਦ ਵਿਚ ਮੌਕੇ ‘ਤੇ ਪਹੁੰਚੇ ਜੇ. ਈ. ਅਤੇ ਹੋਰਨਾਂ ਮੁਲਾਜ਼ਮਾਂ ਨਾਲ ਵੀ ਕਥਿਤ ਤੌਰ ‘ਤੇ ਗਾਲੀ-ਗਲੋਚ ਕੀਤੀ ਅਤੇ ਲੋਹੇ ਦੀ ਰਾਡ ਕੱਢ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਪਹਿਲਾਂ ਘਟਨਾ ਦੀ ਵੀਡੀਓ ਤੇ ਤਸਵੀਰਾਂ ਅਤੇ ਬਾਅਦ ਵਿਚ ਫ਼ੋਨ ‘ਤੇ ਧਮਕੀਆਂ ਦੇਣ ਦੀ ਰਿਕਾਰਡਿੰਗ ਦੇਣ ਦੀ ਗੱਲ ਵੀ ਕਹੀ ਹੈ। ਇਸ ਦੇ ਚਲਦਿਆਂ ਪੁਲਿਸ ਨੇ ਓਮ ਗਿਰ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 221, 132, 324 (4) ਅਤੇ 351 (2) ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਸ਼ਿਕਾਇਤਕਰਤਾ ਅਨੁਸਾਰ ਕੇਬਲ ਨੁਕਸਾਨੀ ਜਾਣ ਕਾਰਨ ਸਰਕਾਰੀ ਵਿਭਾਗ ਦਾ ਕਰੀਬ 3.50 ਲੱਖ ਰੁ. ਦਾ ਨੁਕਸਾਨ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਓਮ ਗਿਰ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਗਿਆ।