11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਚੰਡੀਗੜ੍ਹ ’ ਚ ਚਾਰ ਕੈਬ ਕੰਪਨੀਆਂ ਬੰਦ ਕਰਵਾ ਕੇ ‘ ਭਾਰਤ ਟੈਕਸੀ ’ ਨੂੰ ਫ਼ਾਇਦਾ ਪਹੁੰਚਾਉਣ ਦੀ ਖੇਡੀ ਗਈ ਖੇਡ ? ਕੈਬ ਚਾਲਕ ਯੂਨੀਅਨ ਦੇ 100 ਦਿਨਾਂ ਦੇ ਸੰਘਰਸ਼ ’ਤੇ ਉੱਠਣ ਲੱਗੇ ਸਵਾਲ, ਓਲਾ, ਉਬਰ, ਇਨਡਰਾਈਵ ਤੇ ਰੈਪੀਡੋ ਬੰਦ, ਹੁਣ ਯਾਤਰੀਆਂ ਦੀ ਜੇਬ ’ਤੇ ਵਧਿਆ ਬੋਝ

ਚੰਡੀਗੜ੍ਹ, 10 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ’ਚ ਐਪ-ਆਧਾਰਿਤ ਕੈਬ ਸੇਵਾਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਓਲਾ, ਉਬਰ, ਇਨਡਰਾਈਵ ਅਤੇ ਰੈਪੀਡੋ ਵਰਗੀਆਂ ਪ੍ਰਮੁੱਖ ਕੈਬ ਕੰਪਨੀਆਂ ਦੀਆਂ ਸੇਵਾਵਾਂ ਬੰਦ ਹੋਣ ਮਗਰੋਂ ਹੁਣ ਇਸ ਪੂਰੇ ਘਟਨਾਕ੍ਰਮ ’ਤੇ ਸਵਾਲ ਉੱਠਣ ਲੱਗੇ ਹਨ। ਸੈਕਟਰ-25 ’ਚ ਕੈਬ ਚਾਲਕ ਯੂਨੀਅਨ ਵਲੋਂ ਕਰੀਬ 100 ਦਿਨਾਂ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਇਨ੍ਹਾਂ ਕੰਪਨੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਬਾਅਦ ‘ਭਾਰਤ ਟੈਕਸੀ’ ਨੂੰ ਮਿਲੇ ਵੱਡੇ ਬਾਜ਼ਾਰ ਨੇ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ।

ਅਜੀਤ ਡੈਸਕ 11-09-2026
ਚੰਡੀਗੜ੍ਹ, 10 ਸਤੰਬਰ (ਸੰਦੀਪ ਕੁਮਾਰ ਮਾਹਨਾ) - ਚੰਡੀਗੜ੍ਹ ’ਚ ਐਪ-ਆਧਾਰਿਤ ਕੈਬ ਸੇਵਾਵਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਓਲਾ, ਉਬਰ, ਇਨਡਰਾਈਵ ਅਤੇ ਰੈਪੀਡੋ ਵਰਗੀਆਂ ਪ੍ਰਮੁੱਖ ਕੈਬ ਕੰਪਨੀਆਂ ਦੀਆਂ ਸੇਵਾਵਾਂ ਬੰਦ ਹੋਣ ਮਗਰੋਂ ਹੁਣ ਇਸ ਪੂਰੇ ਘਟਨਾਕ੍ਰਮ ’ਤੇ ਸਵਾਲ ਉੱਠਣ ਲੱਗੇ ਹਨ। ਸੈਕਟਰ-25 ’ਚ ਕੈਬ ਚਾਲਕ ਯੂਨੀਅਨ ਵਲੋਂ ਕਰੀਬ 100 ਦਿਨਾਂ ਤੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਅਤੇ ਇਨ੍ਹਾਂ ਕੰਪਨੀਆਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਬਾਅਦ ‘ਭਾਰਤ ਟੈਕਸੀ’ ਨੂੰ ਮਿਲੇ ਵੱਡੇ ਬਾਜ਼ਾਰ ਨੇ ਕਈ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ। ਕੈਬ ਚਾਲਕ ਯੂਨੀਅਨ ਵਲੋਂ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਸੀ। ਇਸ ਦੌਰਾਨ ਚਾਰਾਂ ਐਪ-ਆਧਾਰਿਤ ਕੈਬ ਸੇਵਾਵਾਂ ਵਿਰੁੱਧ ਵੀ ਕਾਰਵਾਈ ਦੀ ਮੰਗ ਕੀਤੀ ਜਾਂਦੀ ਰਹੀ। ਹੁਣ ਜਦੋਂ ਇਹ ਸੇਵਾਵਾਂ ਚੰਡੀਗੜ੍ਹ ’ਚ ਉਪਲਬਧ ਨਹੀਂ ਹਨ ਤਾਂ ਸਵਾਲ ਉੱਠ ਰਿਹਾ ਹੈ ਕਿ ਕੀ ਕੈਬ ਚਾਲਕ ਯੂਨੀਅਨ ਵਲੋਂ ਅਜਿਹੀ ਖੇਡ ਖੇਡੀ ਗਈ, ਜਿਸ ਦਾ ਅੰਤਿਮ ਲਾਭ ‘ਭਾਰਤ ਟੈਕਸੀ’ ਨੂੰ ਮਿਲਿਆ? 70-80 ਰੁਪਏ ਦੀ ਥਾਂ ਹੁਣ 148 ਰੁਪਏ ਦਾ ਕਿਰਾਇਆ ਚਾਰਾਂ ਕੰਪਨੀਆਂ ਦੀਆਂ ਸੇਵਾਵਾਂ ਬੰਦ ਹੋਣ ਦਾ ਸਭ ਤੋਂ ਵੱਧ ਅਸਰ ਕੈਬ ਯਾਤਰੀਆਂ ’ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਯਾਤਰੀਆਂ ਅਨੁਸਾਰ ਪਹਿਲਾਂ 9 ਤੋਂ 10 ਕਿੱਲੋਮੀਟਰ ਦੀ ਯਾਤਰਾ ਲਈ ਓਲਾ, ਉਬਰ, ਇਨਡਰਾਈਵ ਜਾਂ ਰੈਪੀਡੋ ਰਾਹੀਂ ਕਰੀਬ 70 ਤੋਂ 80 ਰੁਪਏ ਕਿਰਾਇਆ ਦੇਣਾ ਪੈਂਦਾ ਸੀ, ਜਦਕਿ ਹੁਣ ਇਸੇ ਤਰ੍ਹਾਂ ਦੀ ਯਾਤਰਾ ਲਈ ‘ਭਾਰਤ ਟੈਕਸੀ’ ’ਤੇ ਕਰੀਬ 148 ਰੁਪਏ ਅਦਾ ਕਰਨੇ ਪੈ ਰਹੇ ਹਨ। ਇਸ ਤਰ੍ਹਾਂ ਇਕੋ ਜਿਹੀ ਦੂਰੀ ਲਈ ਕਿਰਾਏ ’ਚ ਕਾਫ਼ੀ ਵਾਧਾ ਹੋਣ ਕਾਰਨ ਆਮ ਯਾਤਰੀਆਂ ’ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਵੱਖ-ਵੱਖ ਐਪਾਂ ’ਤੇ ਕਿਰਾਏ ਦੀ ਤੁਲਨਾ ਕਰਕੇ ਸਸਤੀ ਕੈਬ ਬੁੱਕ ਕਰਨ ਦਾ ਬਦਲ ਮੌਜੂਦ ਸੀ, ਪਰ ਹੁਣ ਵਿਕਲਪ ਸੀਮਤ ਹੋਣ ਕਾਰਨ ਉਨ੍ਹਾਂ ਨੂੰ ਉਪਲਬਧ ਸੇਵਾ ਹੀ ਲੈਣੀ ਪੈ ਰਹੀ ਹੈ। ਚੰਡੀਗੜ੍ਹ ਵਾਸੀਆਂ ਕੋਲ ਬਦਲ ਘਟੇ ਓਲਾ, ਉਬਰ, ਇਨਡਰਾਈਵ ਅਤੇ ਰੈਪੀਡੋ ਦੀਆਂ ਸੇਵਾਵਾਂ ਬੰਦ ਹੋਣ ਮਗਰੋਂ ਐਪ ਰਾਹੀਂ ਕੈਬ ਬੁੱਕ ਕਰਵਾਉਣ ਵਾਲੇ ਲੋਕਾਂ ਲਈ ਵਿਕਲਪ ਕਾਫ਼ੀ ਘੱਟ ਰਹਿ ਗਏ ਹਨ। ਖ਼ਾਸ ਕਰਕੇ ਰੇਲਵੇ ਸਟੇਸ਼ਨ, ਹਵਾਈ ਅੱਡੇ, ਪੀ.ਜੀ.ਆਈ. ਅਤੇ ਟਰਾਈਸਿਟੀ ਦੇ ਵੱਖ-ਵੱਖ ਇਲਾਕਿਆਂ ਵਿਚ ਰੋਜ਼ਾਨਾ ਆਉਣ-ਜਾਣ ਵਾਲੇ ਲੋਕਾਂ ਨੂੰ ਹੁਣ ‘ਭਾਰਤ ਟੈਕਸੀ’ ਸਮੇਤ ਉਪਲਬਧ ਸੀਮਤ ਵਿਕਲਪਾਂ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ। ‘ ਭਾਰਤ ਟੈਕਸੀ ’ ਨੂੰ ਮਿਲਿਆ ਤਿਆਰ ਬਾਜ਼ਾਰ ? ਚਾਰਾਂ ਵੱਡੀਆਂ ਕੈਬ ਕੰਪਨੀਆਂ ਦੇ ਬਾਜ਼ਾਰ ਤੋਂ ਬਾਹਰ ਹੋਣ ਨਾਲ ‘ਭਾਰਤ ਟੈਕਸੀ’ ਲਈ ਅਚਾਨਕ ਵੱਡਾ ਬਾਜ਼ਾਰ ਤਿਆਰ ਹੋ ਗਿਆ ਹੈ। ਇਸੇ ਕਾਰਨ ਹੁਣ ਇਹ ਸਵਾਲ ਵੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਜਿਨ੍ਹਾਂ ਕੰਪਨੀਆਂ ਨੂੰ ਬੰਦ ਕਰਵਾਉਣ ਲਈ ਕੈਬ ਚਾਲਕ ਯੂਨੀਅਨ ਵਲੋਂ ਲੰਮਾ ਸੰਘਰਸ਼ ਕੀਤਾ ਗਿਆ, ਉਨ੍ਹਾਂ ਦੇ ਬੰਦ ਹੋਣ ਨਾਲ ਸਭ ਤੋਂ ਵੱਧ ਫ਼ਾਇਦਾ ਕਿਸ ਨੂੰ ਹੋਇਆ? ਇੱਕ ਪਾਸੇ ਯੂਨੀਅਨ ਆਪਣੇ ਸੰਘਰਸ਼ ਨੂੰ ਕੈਬ ਚਾਲਕਾਂ ਦੇ ਹਿੱਤਾਂ ਨਾਲ ਜੋੜ ਰਹੀ ਹੈ, ਪਰ ਦੂਜੇ ਪਾਸੇ ਯਾਤਰੀਆਂ ਦਾ ਕਹਿਣਾ ਹੈ ਕਿ ਮੁਕਾਬਲੇ ਵਾਲੀਆਂ ਸੇਵਾਵਾਂ ਘਟਣ ਨਾਲ ਉਨ੍ਹਾਂ ਦੀ ਚੋਣ ਅਤੇ ਸਸਤੀ ਸਵਾਰੀ ਦੋਵੇਂ ਪ੍ਰਭਾਵਿਤ ਹੋਏ ਹਨ। ਪ੍ਰਸ਼ਾਸਨ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਹੁਣ ਮਾਮਲੇ ’ਚ ਇਹ ਵੀ ਸਪੱਸ਼ਟ ਹੋਣਾ ਜ਼ਰੂਰੀ ਹੈ ਕਿ ਚਾਰਾਂ ਕੈਬ ਕੰਪਨੀਆਂ ਵਿਰੁੱਧ ਕੀਤੀ ਗਈ ਕਾਰਵਾਈ ਦਾ ਆਧਾਰ ਕੀ ਸੀ ਅਤੇ ਕੈਬ ਚਾਲਕ ਯੂਨੀਅਨ ਦੀਆਂ ਮੰਗਾਂ ਨਾਲ ਇਸ ਦਾ ਕੀ ਸਬੰਧ ਹੈ। ਇਸ ਦੇ ਨਾਲ ਹੀ ਯਾਤਰੀਆਂ ਨੂੰ ਮਿਲ ਰਹੀ ਕੈਬ ਸੇਵਾ ਅਤੇ ਕਿਰਾਏ ਬਾਰੇ ਵੀ ਪ੍ਰਸ਼ਾਸਨ ਵਲੋਂ ਸਪੱਸ਼ਟ ਸਥਿਤੀ ਸਾਹਮਣੇ ਰੱਖਣ ਦੀ ਮੰਗ ਉੱਠ ਰਹੀ ਹੈ। ਫ਼ਿਲਹਾਲ ਚਾਰਾਂ ਪ੍ਰਮੁੱਖ ਕੈਬ ਸੇਵਾਵਾਂ ਦੇ ਬੰਦ ਹੋਣ ਨਾਲ ਜਿੱਥੇ ਯਾਤਰੀਆਂ ਦੇ ਬਦਲ ਘਟੇ ਹਨ, ਉੱਥੇ ‘ਭਾਰਤ ਟੈਕਸੀ’ ਨੂੰ ਮਿਲੇ ਵੱਡੇ ਬਾਜ਼ਾਰ ਅਤੇ ਕਿਰਾਏ ’ਚ ਆਏ ਫ਼ਰਕ ਨੇ ਕੈਬ ਚਾਲਕ ਯੂਨੀਅਨ ਦੇ ਸੰਘਰਸ਼ ਦੀ ਰਣਨੀਤੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਿਛਲੀ ਖ਼ਬਰ ਗੈਂਗਸਟਰਾਂ ’ ਤੇ ਵਾਰ ਦਾ 233 ਵਾਂ ਦਿਨ : ਪੰਜਾਬ ਪੁਲਿਸ ਵਲੋਂ 607 ਥਾਈਂ ਛਾਪੇਮਾਰੀ ; 307 ਕਾਬੂ ਯੁੱਧ ਨਸ਼ਿਆਂ ਵਿਰੁੱਧ... ਅਗਲੀ ਖ਼ਬਰ ਕੱਲ੍ਹ ਨੂੰ ਜ਼ਿਲ੍ਹੇ ਦੀਆਂ ਅਦਾਲਤਾਂ ’ ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ ਰਾਜੀਨਾਮਾ ਯੋਗ ਫੌਜਦਾਰੀ, ਚੈੱਕ ਬਾਊਂਸ, ਬੈਂਕ ਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।