ਦਰਜਨਾਂ ਪਿੰਡਾਂ ਤੇ ਕਈ ਸ਼ਹਿਰਾਂ ਨੂੰ ਆਪਸ ’ਚ ਜੋੜਨ ਵਾਲੀ ਖਰੜ- ਗੜਾਗਾਂ ਸੜਕ ਦੀ ਹਾਲਤ ਨੇ ਸਰਕਾਰ ਦੇ ਦਾਅਵਿਆਂ ਦੀ ਕੱਢੀ ਫੂਕ
ਖਰੜ, 20 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਪਸ ਵਿਚ ਮਿਲਾਉਣ ਵਾਲੀ ਖਰੜ-ਗੜਾਗਾਂ-ਬੱਸੀ ਪਠਾਣਾਂ ਸੜਕਾਂ ਦੀ ਵਿਧਾਨ ਸਭਾ ਹਲਕਾ ਖਰੜ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਖੇਤਰ ਅੰਦਰ ਹਾਲਤ ਤਰਸਯੋਗ ਬਣੀ ਹੋਈ ਹੈ। ਸੜਕ ਵਿਚ ਪਏ ਵੱਡ-ਵੱਡੇ ਖੱਡੇ ਸਰਕਾਰ ਦੇ ਸੜਕਾਂ ਦੇ ਵਿਕਾਸ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਰਹੇ ਹਨ।
ਖ
ਖਰੜ-ਗੜਾਗਾਂ-ਬੱਸੀ ਸੜਕ ਦੀ ਖਸਤਾ ਹਾਲਤ ਦਾ ਦ੍ਰਿਸ਼ ਅਤੇ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ, ਭਾਜਪਾ ਆਗੂ ਪਵਨ ਮਨੋਚਾ, ਅਕਾਲੀ ਆਗੂ ਰਵਿੰਦਰ ਸਿੰਘ ਰਵੀ, ਪਿੰਡ ਸਿੰਬਲਮਾਜਰਾ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਢੀਂਡਸਾ। ਤਸਵੀਰ : ਗੁਰਮੁੱਖ ਸਿੰਘ ਮਾਨ
21-08-2026
ਖਰੜ, 20 ਅਗਸਤ (ਗੁਰਮੁੱਖ ਸਿੰਘ ਮਾਨ)-ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਆਪਸ ਵਿਚ ਮਿਲਾਉਣ ਵਾਲੀ ਖਰੜ-ਗੜਾਗਾਂ-ਬੱਸੀ ਪਠਾਣਾਂ ਸੜਕਾਂ ਦੀ ਵਿਧਾਨ ਸਭਾ ਹਲਕਾ ਖਰੜ ਅਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਖੇਤਰ ਅੰਦਰ ਹਾਲਤ ਤਰਸਯੋਗ ਬਣੀ ਹੋਈ ਹੈ। ਸੜਕ ਵਿਚ ਪਏ ਵੱਡ-ਵੱਡੇ ਖੱਡੇ ਸਰਕਾਰ ਦੇ ਸੜਕਾਂ ਦੇ ਵਿਕਾਸ ਨੂੰ ਲੈ ਕੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ੍ਹ ਖੋਲ੍ਹ ਰਹੇ ਹਨ। ਇਸ ਸੜਕ ਨੂੰ ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਯਤਨਾਂ ਸਦਕਾ 10 ਫੁੱਟ ਤੋਂ ਚੌੜਾ ਕਰਕੇ 18 ਫੁੱਟ ਬਣਾਇਆ ਗਿਆ ਸੀ, ਪਰ ਬਾਅਦ ਪੰਜਾਬ ਵਿਚ ਸੱਤਾ ਪਰਿਵਰਤਨ ਹੋਣ ਕਾਰਨ ਇਸ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ। ਇਸ ਸੜਕ ਰਾਹੀਂ ਵਿਧਾਨ ਸਭਾ ਹਲਕਾ ਖਰੜ ਦੇ ਕਰੀਬ 3-4 ਦਰਜਨਾਂ ਪਿੰਡਾਂ ਅਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਹੁਤ ਸਾਰੇ ਪਿੰਡਾਂ ਦੇ ਵਿਦਿਆਰਥੀਆਂ ਅਤੇ ਰੋਜ਼ਾਨਾ ਦੇ ਕੰਮਕਾਰਾਂ ਲਈ ਲੋਕ ਖਰੜ, ਮੁਹਾਲੀ ਤੇ ਚੰਡੀਗੜ੍ਹ ਆਉਂਦੇ-ਜਾਂਦੇ ਹਨ। ਦਸੰਬਰ ਮਹੀਨੇ ਵਿਚ ਜਦੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਹੁੰਦਾ ਹੈ ਤਾਂ ਇਸ ਸੜਕ ਰਾਹੀਂ ਖਰੜ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਵਲੋਂ ਗੁਰਦੁਆਰਾ ਸਾਹਿਬ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਏ ਜਾਂਦੇ ਹਨ, ਉਦੋਂ ਵੀ ਇਲਾਕਾ ਵਾਸੀਆਂ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਸੜਕ ਦੀ ਮੁਰੰਮਤ ਕਰਵਾਏ, ਪਰ ਪਰਨਾਲਾ ਉਥੇ ਦਾ ਉਥੇ ਹੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਪਰਮਿੰਦਰ ਸਿੰਘ ਸੋਨਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਖਰੜ ਅਤੇ ਸ੍ਰੀ ਚਮਕੌਰ ਸਾਹਿਬ ਤਹਿਤ ਪੈਂਦੀ ਇਸ ਸੜਕ ਦੀ ਹਾਲਤ ਬਿਲਕੁੱਲ ਖਸਤਾ ਹੋ ਚੁੱਕੀ ਹੈ। ਦਰਜਨਾਂ ਪਿੰਡਾਂ ਅਤੇ ਇਲਾਕੇ ਦੇ ਵਸਨੀਕ ਲੰਬੇ ਸਮੇਂ ਤੋਂ ਸੜਕ ਦੀ ਮੁਰਮੰਤ ਦੀ ਮੰਗ ਕਰਦੇ ਆ ਰਹੇ ਹਨ, ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਤੱਕ ਨਹੀਂ ਸਰਕੀ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਖਰੜ ਦੇ ਬੀ. ਐਲ. ਪਵਨ ਮਨੋਚਾ ਨੇ ਕਿਹਾ ਕਿ ਸੜਕ ਦੀ ਹਾਲਤ ਵੇਖ ਕੇ ਇੰਝ ਲੱਗਦਾ ਹੈ ਕਿ ਇਹ ਸੜਕ ਕੱਚੀ ਪਹੀ ਹੈ। ਉਨ੍ਹਾਂ ਕਿਹਾ ਕਿ ਖੇਤਰ ਦੀਆਂ ਸਾਰੀਆਂ ਸੜਕਾਂ ਵਿਚ ਪਏ ਵੱਡੇ-ਵੱਡੇ ਖੱਡੇ ਸਰਕਾਰ ਦੇ ਵਿਕਾਸ ਦਾਅਵਿਆਂ ਦੀ ਪੋਲ ਖੋਲ੍ਹਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੱਡਿਆਂ ‘ਚ ਮੀਂਹ ਦਾ ਪਾਣੀ ਭਰਨ ਕਾਰਨ ਹਾਲਤ ਹੋਰ ਵੀ ਖ਼ਰਾਬ ਹੋ ਜਾਂਦੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਘੜੂੰਆਂ ਦੇ ਪ੍ਰਧਾਨ ਰਵਿੰਦਰ ਸਿੰਘ ਰਵੀ ਮਦਨਹੇੜੀ ਨੇ ਕਿਹਾ ਕਿ ਇਹ ਸੜਕ ਦੋ ਹਲਕਿਆਂ ਖਰੜ ਅਤੇ ਸ੍ਰੀ ਚਮਕੌਰ ਸਾਹਿਬ ਦੇ ਖੇਤਰ ਵਿਚੋਂ ਲੰਘਦੀ ਹੈ ਅਤੇ ਦੋਵਾਂ ਹਲਕਿਆਂ ਵਿਚ ਸੱਤਾਧਰੀ ਧਿਰ ਨਾਲ ਸੰਬੰਧਿਤ ਵਿਧਾਇਕ ਹਨ, ਪਰ ਹਾਲਤ ਵੇਖ ਕੇ ਇੰਝ ਪ੍ਰਤੀ ਹੁੰਦਾ ਹੈ ਕਿ ਕਦੇ ਇਸ ਮੁੱਖ ਸੜਕ ਵੱਲ ਸਰਕਾਰ ਦੀ ਸਵੱਲੀ ਨਜ਼ਰ ਪਈ ਹੀ ਨਹੀਂ, ਜਦਕਿ ਸਰਕਾਰ ਸੜਕਾਂ ਦੀ ਮੁਰੰਮਤ ਸੰਬੰਧੀ ਵੱਡੇ-ਵੱਡੇ ਦਾਅਵੇ ਕਰ ਰਹੀ ਹੈ। ਇਸੇ ਦੌਰਾਨ ਪਿੰਡ ਸਿੰਬਲਮਾਜਰਾ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਸੜਕ ‘ਤੇ 3-4 ਦਰਜਨ ਤੋਂ ਵਧੇਰੇ ਪਿੰਡਾਂ ਅਤੇ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਨੂੰ ਖਰੜ, ਮੁਹਾਲੀ ਤੇ ਚੰਡੀਗੜ੍ਹ ਆਦਿ ਸ਼ਹਿਰਾਂ ਨਾਲ ਜੋੜਦੀ ਹੈ, ਜਿਸ ਕਾਰਨ ਰੋਜ਼ਾਨਾ ਵੱਡੀ ਗਿਣਤੀ ਵਿਦਿਆਰਥੀ ਅਤੇ ਕੰਮਕਾਰਾਂ ਵਾਲੇ ਵਿਅਕਤੀ ਇਸ ਸੜਕ ਦੀ ਵਰਤੋਂ ਕਰਦੇ ਹਨ। ਉਕਤ ਆਗੂਆਂ ਨੇ ਮੰਗ ਕੀਤੀ ਕਿ ਇਸ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ ‘ਤੇ ਕਰਵਾਈ ਜਾਵੇ।