ਚੰਡੀਗੜ੍ਹ, 11 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਵਿਦੇਸ਼ ਬੈਠੇ ਗੈਂਗਸਟਰ ਦੀਪਕ ਨਾਂਦਲ ਨਾਲ ਜੁੜੇ ਅੰਤਰਰਾਸ਼ਟਰੀ ਤੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 3 ਮੈਂਬਰਾਂ ਅਤੇ ਪਾਕਿਸਤਾਨ-ਸਮਰਥਿਤ ਇਕ ਹਥਿਆਰ ਤਸਕਰ ਸਮੇਤ ਕੁੱਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਜਿਗਾਨਾ ਪਿਸਤੌਲ, ਚੀਨ ਦੀ ਬਣੀ ਦੋ ਪੀਐਕਸ-3 ਪਿਸਤੌਲ, 2 ਮੈਗਜ਼ੀਨ ਅਤੇ .30 ਬੋਰ ਦੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਅਨੁਸਾਰ ਗੈਂਗ ਵਲੋਂ ਗੁਰੂਗ੍ਰਾਮ, ਹਰਿਆਣਾ ’ਚ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਗਈ ਸੀ ਅਤੇ ਨਿਸ਼ਾਨੇ ਦੀ ਰੇਕੀ ਵੀ ਕੀਤੀ ਜਾ ਚੁੱਕੀ ਸੀ। ਇਸ ਮਾਮਲੇ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸ. ਪੀ. ਆਪੇ੍ਰਸ਼ਨ ਗੀਤਾਂਜਲੀ ਖਾਂਡੇਲਵਾਲ ਨੇ ਦੱਸਿਆ ਕਿ ਆਪ੍ਰੇਸ਼ਨ ਸੈੱਲ ਦੀ ਟੀਮ ਨੇ 3 ਅਗਸਤ ਨੂੰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਤਹਿਤ ਥਾਣਾ ਸੈਕਟਰ-31 ਅਧੀਨ ਇਲਾਕੇ ਵਿਚ ਗਸ਼ਤ ਦੌਰਾਨ ਸ਼ੱਕ ਦੇ ਆਧਾਰ ’ ਤੇ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਵਾਸੀਆਨ ਅਜੇ, ਰੋਹਿਤ ਅਤੇ ਦੇਵ ਨਾਮ ਦੇ ਨੌਜਵਾਨਾਂ ਨੂੰ ਕਾਬੂ ਕੀਤਾ। ਮੁੱਢਲੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਦੋ ਵਿਦੇਸ਼ੀ ਪਿਸਤੌਲ, ਜਿਨ੍ਹਾਂ ’ਚ ਜਿਗਾਨਾ ਅਤੇ ਚੀਨ ਦੀ ਬਣੀ ਪੀਐਕਸ-3 ਪਿਸਤੌਲ ਸ਼ਾਮਲ ਸੀ, ਇਕ ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਬਰਾਮਦ ਹੋਏ। ਅਗਲੀ ਕਾਰਵਾਈ ਵਿਚ ਛਾਪੇਮਾਰੀ ਦੌਰਾਨ ਮੁੱਖ ਹਥਿਆਰ ਸਪਲਾਇਰ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਨਿਸ਼ਾਨ ਸਿੰਘ ਪਾਕਿਸਤਾਨ ’ਚ ਬੈਠੇ ਇਕ ਹਥਿਆਰ ਸਪਲਾਇਰ ਦੇ ਸੰਪਰਕ ’ਚ ਸੀ ਅਤੇ ਸਰਹੱਦ ਪਾਰੋਂ ਡਰੋਨ ਰਾਹੀਂ ਆਪਣੇ ਖੇਤ ’ਚ ਹਥਿਆਰਾਂ ਦੀ ਖੇਪ ਮੰਗਵਾਉਂਦਾ ਸੀ। ਇਸ ਤੋਂ ਬਾਅਦ ਉਹ ਇਹ ਹਥਿਆਰ ਗੈਂਗ ਦੇ ਜ਼ਮੀਨੀ ਪੱਧਰ ਦੇ ਮੈਂਬਰਾਂ ਤੱਕ ਪਹੁੰਚਾਉਂਦਾ ਸੀ। ਪੁੱਛਗਿੱਛ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਅਜੇ, ਰੋਹਿਤ ਅਤੇ ਦੇਵ ਨੂੰ ਵਿਦੇਸ਼ ਬੈਠੇ ਗੈਂਗਸਟਰ ਦੀਪਕ ਨਾਂਦਲ ਨੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਜੋੜਿਆ ਸੀ। ਦੀਪਕ ਨਾਂਦਲ ਦਾ ਪਾਕਿਸਤਾਨੀ ਹਥਿਆਰ ਸਪਲਾਇਰ ਨਾਲ ਸੰਪਰਕ ਸੀ ਅਤੇ ਨਿਸ਼ਾਨ ਸਿੰਘ ਰਾਹੀਂ ਹਥਿਆਰਾਂ ਦੀ ਖੇਪ ਅਜੇ, ਰੋਹਿਤ ਤੇ ਦੇਵ ਤੱਕ ਪਹੁੰਚਾਈ ਗਈ। ਪੁਲਿਸ ਅਨੁਸਾਰ ਤਿੰਨਾਂ ਨੇ ਦੀਪਕ ਨਾਂਦਲ ਦੇ ਇਸ਼ਾਰੇ ’ਤੇ ਗੁਰੂਗ੍ਰਾਮ ’ਚ ਨਿਸ਼ਾਨੇ ਦੀ ਰੇਕੀ ਕੀਤੀ ਸੀ ਅਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਪੁਲਿਸ ਅਨੁਸਾਰ ਅਜੇ ਨੇ ਸੋਸ਼ਲ ਮੀਡੀਆ ਰਾਹੀਂ ਵਿਦੇਸ਼ ਬੈਠੇ ਗੈਂਗ ਨਾਲ ਸੰਪਰਕ ਬਣਾਇਆ ਅਤੇ ਰੋਹਿਤ ਤੇ ਦੇਵ ਨੂੰ ਵੀ ਗੈਂਗ ਨਾਲ ਜੋੜਿਆ। ਰੋਹਿਤ ਨੇ ਗੈਂਗ ਦੀਆਂ ਹਦਾਇਤਾਂ ਅਨੁਸਾਰ ਰੇਕੀ ਅਤੇ ਵਾਰਦਾਤ ਦੀ ਤਿਆਰੀ ’ਚ ਹਿੱਸਾ ਲਿਆ, ਜਦਕਿ ਦੇਵ ਵੀ ਗੈਂਗ ਦੇ ਸੰਪਰਕ ’ਚ ਰਹਿ ਕੇ ਹਦਾਇਤਾਂ ਲੈਂਦਾ ਸੀ। ਪੁਲਿਸ ਮੁਤਾਬਕ ਇਨ੍ਹਾਂ ਨੂੰ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਅਤੇ ਇਸ ਸਮੇਂ ਯੂ.ਏ.ਈ. ’ਚ ਰਹਿ ਰਹੇ ਅਰੁਣ ਨੇ ਦੀਪਕ ਨਾਂਦਲ ਨਾਲ ਸੰਪਰਕ ਕਰਵਾਇਆ ਸੀ। ਫ਼ਿਲਹਾਲ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੁਲਿਸ ਰਿਮਾਂਡ ਤੇ ਹਨ ਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ।
ਪਾਕਿਸਤਾਨੀ ਤਸਕਰਾਂ ਦੀ ਬਦੌਲਤ ਡਰੋਨ ਰਾਹੀਂ ਆਉਂਦੇ ਸਨ ਹਥਿਆਰ-ਚੰਡੀਗੜ੍ਹ ਪੁਲਿਸ
ਚੰਡੀਗੜ੍ਹ, 11 ਅਗਸਤ (ਕਪਿਲ ਵਧਵਾ)- ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਵਿਦੇਸ਼ ਬੈਠੇ ਗੈਂਗਸਟਰ ਦੀਪਕ ਨਾਂਦਲ ਨਾਲ ਜੁੜੇ ਅੰਤਰਰਾਸ਼ਟਰੀ ਤੇ ਅੰਤਰਰਾਜੀ ਗੈਰ-ਕਾਨੂੰਨੀ ਹਥਿਆਰ ਸਪਲਾਈ ਸਿੰਡੀਕੇਟ ਦਾ ਪਰਦਾਫਾਸ਼ ਕਰਦਿਆਂ 3 ਮੈਂਬਰਾਂ ਅਤੇ ਪਾਕਿਸਤਾਨ-ਸਮਰਥਿਤ ਇਕ ਹਥਿਆਰ ਤਸਕਰ ਸਮੇਤ ਕੁੱਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇਕ ਜਿਗਾਨਾ ਪਿਸਤੌਲ, ਚੀਨ ਦੀ ਬਣੀ ਦੋ ਪੀਐਕਸ-3 ਪਿਸਤੌਲ, 2 ਮੈਗਜ਼ੀਨ ਅਤੇ .
ਅਜੀਤ ਡੈਸਕ
12-08-2026