ਆਰਕੀਟੈਕਚਰ ਨੂੰ ਸਿਰਫ਼ ਵੇਖਿਆ ਹੀ ਨਹੀਂ, ਸਗੋਂ ਮਹਿਸੂਸ ਵੀ ਕੀਤਾ ਜਾਣਾ ਚਾਹੀਦਾ ਹੈ-ਅਸੀਸ ਪ੍ਰਭ
ਚੰਡੀਗੜ੍ਹ, 10 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ ਜਨਮੀ ਆਰਕੀਟੈਕਟ, ਅਧਿਆਪਕਾ ਅਤੇ ਫ਼ਿਲਮ ਨਿਰਮਾਤਾ ਅਸੀਸ ਪ੍ਰਭ, ਜੋ ਇਸ ਸਮੇਂ ਆਸਟ੍ਰੇਲੀਆ ਦੀ ਆਰ. ਐਮ.
ਚੰਡੀਗੜ੍ਹ, 10 ਅਗਸਤ (ਅਜਾਇਬ ਸਿੰਘ ਔਜਲਾ)- ਚੰਡੀਗੜ੍ਹ ਵਿਚ ਜਨਮੀ ਆਰਕੀਟੈਕਟ, ਅਧਿਆਪਕਾ ਅਤੇ ਫ਼ਿਲਮ ਨਿਰਮਾਤਾ ਅਸੀਸ ਪ੍ਰਭ, ਜੋ ਇਸ ਸਮੇਂ ਆਸਟ੍ਰੇਲੀਆ ਦੀ ਆਰ. ਐਮ. ਆਈ.ਟੀ. ਯੂਨੀਵਰਸਿਟੀ ਵਿਚ ਆਰਕੀਟੈਕਚਰ ਅਤੇ ਅਰਬਨ ਡਿਜ਼ਾਈਨ ਵਿਚ ਪੀਐਚ.ਡੀ. ਕਰ ਰਹੀ ਹੈ, ਦਾ ਮੰਨਣਾ ਹੈ ਕਿ ਕਿਸੇ ਸ਼ਹਿਰ ਨੂੰ ਸਿਰਫ਼ ਉਸ ਦੀਆਂ ਇਮਾਰਤਾਂ ਅਤੇ ਨਕਸ਼ਿਆਂ ਰਾਹੀਂ ਹੀ ਨਹੀਂ, ਸਗੋਂ ਉੱਥੇ ਰਹਿਣ ਵਾਲੇ ਲੋਕਾਂ ਦੇ ਤਜਰਬਿਆਂ ਰਾਹੀਂ ਵੀ ਸਮਝਿਆ ਜਾ ਸਕਦਾ ਹੈ। ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਦੀ ਖੋਜ ’ਤੇ ਆਧਾਰਿਤ ਦੋ ਛੋਟੀਆਂ ਫ਼ਿਲਮਾਂ ’ਚ ਸਿਟੀਜ਼ਨ ਅਤੇ ਅਦਰਨੈੱਸ ਦਾ ਪ੍ਰਦਰਸ਼ਨ ਟੈਗੋਰ ਥੀਏਟਰ ਵਿਚ ਕੀਤਾ ਗਿਆ। ਇਸ ਤੋਂ ਬਾਅਦ ਇੱਕ ਪੈਨਲ ਚਰਚਾ ਹੋਈ, ਜਿਸ ਵਿਚ ਪ੍ਰਸਿੱਧ ਆਰਕੀਟੈਕਟ ਸੁਰਿੰਦਰ ਬਾਹਗਾ, ਆਰਕੀਟੈਕਟ ਸ਼ਿਲਪਾ ਦਾਸ, ਮਨਮੋਹਨ ਸਰੀਨ ਤੇ ਆਰੀਸ਼ ਛਾਬੜਾ ਨੇ ਚੰਡੀਗੜ੍ਹ ਦੇ ਆਰਕੀਟੈਕਚਰ, ਸ਼ਹਿਰ ਦੇ ਵਿਕਾਸ ਅਤੇ ਇਸ ਦੀ ਪਛਾਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸੀਸ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਇਸ ਗੱਲ ’ਤੇ ਕੇਂਦਰਿਤ ਹੈ ਕਿ ਆਰਕੀਟੈਕਚਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਆਰਕੀਟੈਕਚਰ ਸਾਡੇ ਰਹਿਣ, ਆਉਣ-ਜਾਣ ਅਤੇ ਇੱਕ-ਦੂਜੇ ਨਾਲ ਜੁੜਨ ਦੇ ਤਰੀਕਿਆਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਸ ਬਾਰੇ ਹੋਣ ਵਾਲੀ ਚਰਚਾ ਆਮ ਲੋਕਾਂ ਤੱਕ ਨਹੀਂ ਪਹੁੰਚਦੀ। ਅਸੀਸ ਨੇ ਦੱਸਿਆ ਕਿ ਉਨ੍ਹਾਂ ਦੀ ਖੋਜ ਵਿਚ ਫ਼ਿਲਮਾਂ ਨੂੰ ਇਕ ਰਚਨਾਤਮਕ ਮਾਧਿਅਮ ਵਜੋਂ ਵਰਤਿਆ ਗਿਆ ਹੈ, ਜਿਸ ਰਾਹੀਂ ਚੰਡੀਗੜ੍ਹ ਦੇ ਆਰਕੀਟੈਕਚਰ, ਜਨਤਕ ਥਾਵਾਂ ਅਤੇ ਸ਼ਹਿਰ ਦੀ ਪਛਾਣ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦਾ ਮਕਸਦ ਸ਼ਹਿਰ ਨੂੰ ਸਿਰਫ਼ ਵਿਖਾਉਣਾ ਨਹੀਂ, ਸਗੋਂ ਲੋਕਾਂ ਨੂੰ ਆਪਣੀਆਂ ਯਾਦਾਂ, ਗੱਲਬਾਤਾਂ ਅਤੇ ਤਜਰਬਿਆਂ ਰਾਹੀਂ ਉਸ ਨਾਲ ਜੋੜਨਾ ਹੈ। ਚੰਡੀਗੜ੍ਹ ਦੀ ਤੀਜੀ ਪੀੜ੍ਹੀ ਦੀ ਵਸਨੀਕ ਅਸੀਸ ਨੇ ਕਿਹਾ ਕਿ ਇਹ ਸ਼ਹਿਰ ਅੱਜ ਵੀ ਉਨ੍ਹਾਂ ਦੇ ਕੰਮ ਅਤੇ ਸੋਚ ਨੂੰ ਪ੍ਰੇਰਿਤ ਕਰਦਾ ਹੈ। ਉਨ੍ਹਾਂ ਦਾ ਉਦੇਸ਼ ਆਰਕੀਟੈਕਚਰ ਨਾਲ ਜੁੜੀਆਂ ਚਰਚਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਅਤੇ ਖੋਜ ਨੂੰ ਸਮਾਜ ਨਾਲ ਜੋੜਨਾ ਹੈ।