16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਡੇਰਾਬੱਸੀ ਦੀ ਵੈਲਕਮ ਕੈਂਟਰ ਯੂਨੀਅਨ ਦੇ ਚੌਕੀਦਾਰ ਦੀ ਅੱਧੀ ਰਾਤ ਨੂੰ ਬੇਰਹਿਮੀ ਨਾਲ ਕੁੱਟਮਾਰ-ਪੁਰਾਣੇ ਪ੍ਰਧਾਨ ਦੇ ਭਰਾ 'ਤੇ ਲੱਗੇ ਕੁੱਟਮਾਰ ਦੇ ਦੋਸ਼ <br/>

ਅਜੀਤ ਡੈਸਕ 17-05-2026
ਡੇਰਾਬੱਸੀ, 16 ਮਈ (ਰਣਬੀਰ ਸਿੰਘ ਪੜ੍ਹੀ)- ਡੇਰਾਬੱਸੀ ਦੀ ਵੈਲਕਮ ਕੈਂਟਰ ਯੂਨੀਅਨ 'ਚ ਪਿਛਲੇ ਕਰੀਬ 6 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਬੀਤੀ ਅੱਧੀ ਰਾਤ ਨੂੰ ਯੂਨੀਅਨ ਦੇ ਚੌਕੀਦਾਰ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਗੰਭੀਰ ਰੂਪ 'ਚ ਜ਼ਖ਼ਮੀ ਹੋਏ ਚੌਕੀਦਾਰ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਪੀੜਤ ਨੇ ਕੈਂਟਰ ਯੂਨੀਅਨ ਦੇ ਪੁਰਾਣੇ ਪ੍ਰਧਾਨ ਦੇ ਭਰਾ 'ਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ |
ਖਾਣਾ ਖਾਂਦੇ ਸਮੇਂ ਕੀਤਾ ਹਮਲਾ : ਪੀੜਤ ਕਰਨੈਲ ਸਿੰਘ
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਪੀੜਤ ਕਰਨੈਲ ਸਿੰਘ ਵਾਸੀ ਪਿੰਡ ਡੇਰਾ ਜਗਾਧਰੀ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਵੈਲਕਮ ਕੈਂਟਰ ਯੂਨੀਅਨ 'ਚ ਚੌਕੀਦਾਰ ਵਜੋਂ ਨੌਕਰੀ ਕਰ ਰਿਹਾ ਹੈ | ਬੀਤੀ ਰਾਤ ਕਰੀਬ 12.30 ਵਜੇ ਜਦੋਂ ਉਹ ਆਪਣੇ ਕਮਰੇ 'ਚ ਬੈਠਾ ਖਾਣਾ ਖਾ ਰਿਹਾ ਸੀ ਤਾਂ ਯੂਨੀਅਨ ਦੇ ਪੁਰਾਣੇ ਪ੍ਰਧਾਨ ਰੋਮੀ ਦਾ ਭਰਾ ਟੋਨੀ, ਜੋ ਕਿ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਧੁੱਤ ਸੀ, ਉਥੇ ਆ ਗਿਆ | ਪੀੜਤ ਮੁਤਾਬਿਕ ਟੋਨੀ ਨੇ ਆਉਂਦਿਆਂ ਹੀ ਉਸ ਨਾਲ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਤੇ ਪੈਸਿਆਂ ਦੀ ਮੰਗ ਕੀਤੀ | ਜਦੋਂ ਉਸ ਨੇ ਟੋਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਹਮਲਾਵਰ ਨੇ ਉਸ ਦੀਆਂ ਲੱਤਾਂ 'ਤੇ ਡੰਡਿਆਂ ਤੇ ਲੋਹੇ ਦੀ ਰਾਡ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ | ਜਾਂਦੇ ਸਮੇਂ ਟੋਨੀ ਉਸ ਕੋਲੋਂ 7000 ਰੁ. ਦੀ ਨਕਦ ਰਾਸ਼ੀ ਤੇ ਮੋਬਾਈਲ ਫ਼ੋਨ ਵੀ ਖੋਹ ਕੇ ਲੈ ਗਿਆ |
ਗ਼ੈਰ-ਕਾਨੂੰਨੀ ਕੰਮ ਬੰਦ ਹੋਣ ਕਾਰਨ ਰੱਖੀ ਜਾ ਰਹੀ ਹੈ ਰੰਜਿਸ਼ : ਰਵਿੰਦਰ ਸਿੰਘ
ਦੂਜੇ ਪਾਸੇ ਵੈਲਕਮ ਕੈਂਟਰ ਯੂਨੀਅਨ ਦੇ ਮੌਜੂਦਾ ਪ੍ਰਧਾਨ ਰਵਿੰਦਰ ਸਿੰਘ ਰਾਜਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਟੋਨੀ ਤੇ ਰੋਮੀ ਪਿਛਲੇ ਕਾਫੀ ਸਮੇਂ ਤੋਂ ਯੂਨੀਅਨ ਦੇ ਡਰਾਈਵਰਾਂ ਤੇ ਹੋਰ ਸਟਾਫ਼ ਨਾਲ ਕੁੱਟਮਾਰ ਕਰਦੇ ਆ ਰਹੇ ਹਨ | ਜਦੋਂ ਦੀ ਯੂਨੀਅਨ ਦੀ ਵਾਗਡੋਰ ਮੌਜੂਦਾ ਕਮੇਟੀ ਨੇ ਸੰਭਾਲੀ ਹੈ, ਉਦੋਂ ਤੋਂ ਇਥੇ ਚੱਲ ਰਹੇ ਸਾਰੇ ਦੋ ਨੰਬਰੀ (ਗ਼ੈਰ-ਕਾਨੂੰਨੀ) ਕੰਮ ਪੂਰੀ ਤਰ੍ਹਾਂ ਬੰਦ ਹੋ ਗਏ ਹਨ ਤੇ ਇਸੇ ਗੱਲ ਦੀ ਰੰਜਿਸ਼ ਕਾਰਨ ਉਕਤ ਵਿਅਕਤੀ ਅਕਸਰ ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਡਰਾਈਵਰਾਂ ਤੇ ਚੌਕੀਦਾਰਾਂ ਨਾਲ ਕੁੱਟਮਾਰ ਕਰਦਾ ਹੈ | ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕੁੱਟਮਾਰ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ | ਉਨ੍ਹਾਂ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ਼ ਤੁਰੰਤ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਯੂਨੀਅਨ ਦੇ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਉਧਰ ਦੂਜੀ ਧਿਰ ਦਾ ਪੱਖ ਲੈਣ ਲਈ ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਵੀ ਟੋਨੀ ਵਲੋਂ ਫ਼ੋਨ ਨਹੀਂ ਚੁੱਕਿਆ ਗਿਆ |

ਪਿਛਲੀ ਖ਼ਬਰ ਬਾਲੇਵਾਲ ਵਿਖੇ ਸਾਲਾਨਾ ਧਾਰਮਿਕ ਸਮਾਗਮ ਤੇ ਭੰਡਾਰਾ ਅੱਜ ਅਗਲੀ ਖ਼ਬਰ ਲੋਕ-ਹਿੱਤ ਮਿਸ਼ਨ ਨੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਤੇ ਰਾਜਪਾਲ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।