16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ <br/>

ਅਜੀਤ ਡੈਸਕ 17-05-2026
ਐੱਸ. ਏ. ਐੱਸ. ਨਗਰ, 16 ਮਈ (ਪ੍ਰੋ. ਅਵਤਾਰ ਸਿੰਘ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਫ਼ਸਲਾਂ 'ਚ ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਦਫ਼ਤਰ ਕੇਨ ਕਮਿਸ਼ਨਰ ਪੰਜਾਬ ਅਤੇ ਸਮੂਹ ਖੰਡ ਮਿੱਲਾਂ ਵਲੋਂ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ, ਜਿਸ ਤਹਿਤ ਪੰਜਾਬ ਭਰ ਦੀਆਂ ਨਿੱਜੀ ਅਤੇ ਸਹਿਕਾਰੀ ਖੰਡ ਮਿੱਲਾਂ ਦੇ ਸਹਿਯੋਗ ਨਾਲ ਇਕੋ ਦਿਨ 'ਚ 441 ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ 4,363 ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ 'ਚ ਖਾਦਾਂ ਦੀ ਸੰਤੁਲਿਤ ਵਰਤੋਂ ਖਾਸ ਕਰਕੇ ਯੂਰੀਆ ਖਾਦ ਦੀ ਵਰਤੋਂ ਸਿਫ਼ਾਰਸ਼ਾਂ ਅਨੁਸਾਰ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸੇ ਦੌਰਾਨ ਇਕੱਤਰ ਹੋਏ ਗੰਨਾ ਕਾਸ਼ਤਕਾਰਾਂ ਨਾਲ ਗੱਲਬਾਤ ਕਰਦਿਆਂ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਫ਼ਸਲ ਨੂੰ ਮੁੱਖ ਤੌਰ 'ਤੇ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਖੁਰਾਕੀ ਤੱਤਾਂ ਦੀ ਜ਼ਰੂਰਤ ਹੁੰਦੀ ਹੈ | ਉਨ੍ਹਾਂ ਦੱਸਿਆ ਯੂਰੀਆ ਦੀ ਜ਼ਿਆਦਾ ਵਰਤੋਂ ਤੋਂ ਬਚਿਆ ਜਾਵੇ | ਉਨ੍ਹਾਂ ਦੱਸਿਆ ਕਿ ਯੂਰੀਆ ਦੀ ਵਰਤੋਂ ਕਿਸ਼ਤਾਂ 'ਚ ਕਰਨੀ ਚਾਹੀਦੀ ਹੈ ਅਤੇ ਬੀਜੜ੍ਹ ਫ਼ਸਲ ਲਈ 135 ਕਿੱਲੋ ਅਤੇ ਮੂਢੀ ਫ਼ਸਲ ਲਈ 195 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਇਆ ਜਾਵੇ | ਉਨ੍ਹਾਂ ਦੱਸਿਆ ਕਿ ਸਿਫ਼ਾਰਸ਼ ਕੀਤੀ ਯੂਰੀਆ ਦੀ ਮਾਤਰਾ ਨੂੰ 2 ਬਰਾਬਰ ਕਿਸ਼ਤਾਂ ਭਾਵ ਪਹਿਲੀ ਕਿਸ਼ਤ ਗੰਨੇ ਦੇ ਜੰਮਣ ਤੋਂ ਬਾਅਦ ਪਹਿਲੇ ਪਾਣੀ ਅਤੇ ਦੂਜੀ ਕਿਸ਼ਤ ਮਈ-ਜੂਨ ਵਿਚ ਛੱਟੇ ਦੀ ਬਜਾਏ ਡਰਿੱਲ ਕਰਕੇ ਦੇਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਗੰਨੇ ਦੀ ਮੂਢੀ ਫ਼ਸਲ ਨੂੰ ਸਿਫ਼ਾਰਸ਼ ਕੀਤੀ ਯੂਰੀਆ ਦੀ ਮਾਤਰਾ ਤਿੰਨ ਬਰਾਬਰ ਕਿਸ਼ਤਾਂ 'ਚ ਭਾਵ ਪਹਿਲੀ ਕਿਸ਼ਤ ਪਹਿਲੀ ਗੋਡੀ ਜਾਂ ਵਾਹੀ ਸਮੇਂ, ਦੂਜੀ ਕਿਸ਼ਤ ਅਪ੍ਰੈਲ 'ਚ ਤੇ ਤੀਜੀ ਕਿਸ਼ਤ ਮਈ 'ਚ ਗੰਨੇ ਦੀਆਂ ਲਾਈਨਾਂ ਦੇ ਨਾਲ-ਨਾਲ ਪਾਈ ਜਾਣੀ ਚਾਹੀਦੀ ਹੈ | ਉਨ੍ਹਾਂ ਦੱਸਿਆ ਕਿ ਜੇਕਰ ਮਿੱਟੀ ਵਿਚ ਫਾਸਫੋਰਸ ਤੱਤ ਦੀ ਕਮੀ ਹੈ ਤਾਂ 75 ਕਿੱਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਬਿਜਾਈ ਸਮੇਂ ਖਾਲੀਆਂ ਵਿਚ ਪਾਈ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਪੋਟਾਸ਼ੀਅਮ ਗੰਨੇ ਦੀ ਮੋਟਾਈ ਤੇ ਜੂਸ ਦੀ ਗੁਣਵੱਤਾ 'ਚ ਸੁਧਾਰ ਕਰਦਾ ਹੈ ਅਤੇ ਕੀੜਿਆਂ, ਬਿਮਾਰੀਆਂ ਦਾ ਖ਼ਾਤਮਾ ਕਰਨ ਵਿਚ ਮਦਦ ਕਰਦਾ ਹੈ | ਇਸੇ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ ਆਪਣੀ ਐਗਰੀ ਸਟੈਕ ਰਜਿਸਟਰੀ ਕਰਵਾਉਣ ਤੇ ਆਈ. ਡੀ. ਬਣਾਉਣ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ | ਇਸ ਮੌਕੇ ਗੁਰਦਿਆਲ ਕੁਮਾਰ ਖੇਤੀਬਾੜੀ ਵਿਕਾਸ ਅਫ਼ਸਰ ਮੁਹਾਲੀ, ਸਵਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ (ਗੰਨਾ) ਤੇ ਲਖਵਿੰਦਰ ਸਿੰਘ ਤੋਂ ਇਲਾਵਾ ਹੋਰ ਅਗਾਂਹਵਧੂ ਕਿਸਾਨ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਮਾਤਾ ਸੰਤ ਕੌਰ ਨਮਿਤ ਅੰਤਿਮ ਅਰਦਾਸ ਅੱਜ ਅਗਲੀ ਖ਼ਬਰ ਫਰੂਡਨ ਬਰਗ ਸਾਂਝਾ ਮਜ਼ਦੂਰ ਮੋਰਚਾ ਦਾ ਸਰਬਸੰਮਤੀ ਨਾਲ ਗਠਨ ਹੋਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।