ਡੇਰਾਬੱਸੀ, 16 ਮਈ (ਗੁਰਮੀਤ ਸਿੰਘ)-ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਅੱਜ ਆਖ਼ਰੀ ਦਿਨ ਸਥਾਨਕ ਐੱਸ. ਡੀ. ਐੱਮ. ਦਫ਼ਤਰ ਦੇ ਬਾਹਰ ਭੀੜ ਕਰਕੇ ਟ੍ਰੈਫ਼ਿਕ ਪੂਰੀ ਤਰਾਂ ਜਾਮ ਹੋ ਗਈ, ਜਿਸ ਕਰਕੇ ਸਕੂਲੀ ਬੱਸਾਂ ਜਾਮ 'ਚ ਫਸ ਗਈਆਂ ਅਤੇ ਸੈਂਕੜੇ ਬੱਚੇ ਗਰਮੀ 'ਚ ਅੱਧੇ ਘੰਟੇ ਤੋਂ ਵੱਧ ਸਮੇਂ ਲਈ ਪ੍ਰੇਸ਼ਾਨ ਹੁੰਦੇ ਰਹੇ | ਅੱਜ ਨਾਮਜ਼ਦਗੀਆਂ ਲਈ ਆਖ਼ਰੀ ਦਿਨ ਹੋਣ ਕਰਕੇ ਚਾਰੋਂ ਮੁੱਖ ਪਾਰਟੀਆਂ ਦੇ 19 ਵਾਰਡਾਂ ਲਈ ਉਮੀਦਵਾਰ ਆਪਣੇ ਸਮਰਥਕਾਂ ਸਮੇਤ ਪਹੁੰਚੇ ਹੋਏ ਸਨ | ਐੱਸ. ਡੀ. ਐੱਮ. ਦਫ਼ਤਰ ਦੇ ਨਾਲ ਸਥਿਤ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਦੁਪਹਿਰ ਸਮੇਂ ਛੁੱਟੀ ਹੋਣ ਤੋਂ ਬਾਅਦ ਹਾਲਾਤ ਵਿਗੜ ਗਏ | ਸਕੂਲ ਦੇ ਗੇਟ ਤੋਂ ਲੈ ਕੇ ਹਰ ਪਾਸੇ ਲੋਕਾਂ ਨੇ ਵਾਹਨ ਖੜੇ ਕੀਤੇ ਹੋਏ ਸਨ, ਜਿਸ ਕਰਕੇ ਸਕੂਲ ਬੱਸਾਂ ਨੂੰ ਰਾਹ ਨਹੀਂ ਮਿਲਿਆ | ਇਸ ਤੋਂ ਇਲਾਵਾ ਜਿਹੜੇ ਮਾਪੇ ਬੱਚਿਆਂ ਨੂੰ ਲੈਣ ਆਏ ਹੋਏ ਸਨ, ਉਨਾਂ ਨੂੰ ਵੀ ਆਪਣੇ ਦੋ ਪਹੀਆ ਵਾਹਨਾਂ ਨੂੰ ਕੱਢਣ ਲਈ ਰਾਹ ਨਹੀਂ ਮਿਲਿਆ | ਸਕੂਲੀ ਬੱਚੇ ਗਰਮੀ 'ਚ ਪ੍ਰੇਸ਼ਾਨ ਹੁੰਦੇ ਰਹੇ ਪਰ ਕਿਸੇ ਨੇ ਰਾਹ ਦੇਣ ਵਾਲੇ ਪਾਸੇ ਧਿਆਨ ਨਹੀਂ ਦਿੱਤਾ | ਕੁਝ ਲੋਕ ਆਪਣੇ ਵਾਹਨ ਰਾਹ ਵਿਚ ਹੀ ਖੜੇ ਕਰਕੇ ਅੰਦਰ ਚਲੇ ਗਏ ਜਿਸ ਕਰਕੇ ਪ੍ਰੇਸ਼ਾਨੀ ਹੋਰ ਵਧ ਗਈ | ਬੱਸ ਚਾਲਕਾਂ ਨੇ ਕਈ ਵਾਰੀ ਭੀੜ ਤੋਂ ਰਾਹ ਬਣਾਉਣ ਦੀ ਅਪੀਲ ਕੀਤੀ ਪਰ ਉਨਾਂ ਦੀ ਕਿਸੇ ਨੇ ਨਹੀਂ ਸੁਣੀ | ਕੁਝ ਮਾਪੇ ਜੋ ਖ਼ੁਦ ਬੱਚਿਆਂ ਨੂੰ ਲੈਣ ਲਈ ਆਏ ਹੋਏ ਸਨ, ਨੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੂੰ ਟ੍ਰੈਫ਼ਿਕ ਕੰਟਰੋਲ ਕਰਨ ਬਾਰੇ ਪਹਿਲਾਂ ਹੀ ਪ੍ਰਬੰਧ ਕਰਨੇ ਚਾਹੀਦੇ ਸਨ | ਕਾਫ਼ੀ ਦੇਰ ਬਾਅਦ ਟ੍ਰੈਫ਼ਿਕ ਪੁਲਿਸ ਮੌਕੇ 'ਤੇ ਪਹੁੰਚੀ ਪਰ ਉਹ ਵੀ ਬੇਵੱਸ ਨਜ਼ਰ ਆਈ ਕਿਉਂਕਿ ਲੋਕ ਆਪਣੇ ਵਾਹਨ ਬੇਤਰਤੀਬੇ ਖੜੇ ਕਰਕੇ ਗਏ ਹੋਏ ਸਨ | ਬਾਅਦ 'ਚ ਜਦੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਮੌਕੇ 'ਤੇ ਪਹੁੰਚੇ ਤਾਂ ਉਨਾਂ ਨੇ ਲੋਕਾਂ ਨੂੰ ਰਾਹ ਖਾਲੀ ਕਰਨ ਦੀ ਗੁਜ਼ਾਰਿਸ਼ ਕੀਤੀ, ਜਿਸ ਮਗਰੋਂ ਭੀੜ 'ਚੋਂ ਸਕੂਲੀ ਬੱਸਾਂ ਨਿਕਲ ਸਕੀਆਂ | ਇਸ ਮੌਕੇ ਬੱਚਿਆਂ ਦੇ ਮਾਪੇ ਪ੍ਰਸ਼ਾਸਨ ਨੂੰ ਵੀ ਕੋਸਦੇ ਨਜ਼ਰ ਆਏ |