ਡੇਰਾਬੱਸੀ ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਦੇ ਆਖਰੀ ਦਿਨ ਸਿਆਸੀ ਮਾਹੌਲ ਗਰਮਾਇਆ <br/>
ਅਜੀਤ ਡੈਸਕ
17-05-2026
ਡੇਰਾਬੱਸੀ, 16 ਮਈ (ਰਣਬੀਰ ਸਿੰਘ ਪੜ੍ਹੀ)-ਨਗਰ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦੇ ਅੰਤਿਮ ਦਿਨ ਅੱਜ ਸਥਾਨਕ ਰਾਜਨੀਤੀ 'ਚ ਜ਼ੋਰਦਾਰ ਉਬਾਲ ਦੇਖਣ ਨੂੰ ਮਿਲਿਆ | ਚੋਣ ਮੈਦਾਨ 'ਚ ਕਿਸਮਤ ਅਜ਼ਮਾਉਣ ਵਾਲੇ ਉਮੀਦਵਾਰ ਆਪੋ ਆਪਣੇ ਸਮਰਥਕਾਂ ਦੇ ਵੱਡੇ ਕਾਫ਼ਲਿਆਂ ਸਮੇਤ ਨਾਅਰੇਬਾਜ਼ੀ ਕਰਦੇ ਹੋਏ ਐਸ. ਡੀ. ਐਮ. ਦਫ਼ਤਰ ਵਿਖੇ ਪਹੁੰਚੇ, ਜਿਸ ਕਾਰਨ ਸਵੇਰ ਤੋਂ ਹੀ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਭਾਰੀ ਗਹਿਮਾ-ਗਹਿਮੀ ਬਣੀ ਰਹੀ | ਸਿਆਸੀ ਪਾਰਟੀਆਂ ਦੇ ਸਿਰਕੱਢ ਆਗੂਆਂ ਨੇ ਨਾਮਜ਼ਦਗੀਆਂ ਦੇ ਆਖਰੀ ਘੰਟਿਆਂ 'ਚ ਆਪਣੀ ਪੂਰੀ ਤਾਕਤ ਝੋਕ ਦਿੱਤੀ | ਇਸ ਵਾਰ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਸਖ਼ਤ ਟੱਕਰ ਦੇਖਣ ਨੂੰ ਮਿਲ ਸਕਦੀ ਹੈ | ਹਾਲਾਂਕਿ ਸੱਤਾਧਾਰੀ ਧਿਰ ਦੇ ਮੁਕਾਬਲੇ ਵਿਰੋਧੀ ਖੇਮਿਆਂ ਨੂੰ ਕਈ ਵਾਰਡਾਂ 'ਚ ਉਮੀਦਵਾਰਾਂ ਦੀ ਚੋਣ ਕਰਨ ਲਈ ਆਖਰੀ ਸਮੇਂ ਤੱਕ ਭਾਰੀ ਮੁਸ਼ੱਕਤ ਕਰਨੀ ਪਈ, ਜਿਸ ਕਾਰਨ ਕਈ ਥਾਵਾਂ 'ਤੇ ਖਿੱਚੋਤਾਣ ਦੇਖਣ ਨੂੰ ਮਿਲੀ | ਸਭ ਤੋਂ ਵੱਡੀ ਸਿਆਸੀ ਹਲਚਲ ਭਾਜਪਾ ਦੇ ਖੇਮੇ 'ਚ ਦੇਖੀ ਗਈ, ਜਿਥੇ ਕਿ ਪਾਰਟੀ ਦੇ ਵੱਖ-ਵੱਖ ਗਰੁੱਪ ਆਪੋ ਆਪਣੇ ਸਮਰਥਕਾਂ ਸਮੇਤ ਕਾਗਜ਼ ਦਾਖ਼ਲ ਕਰਨ ਲਈ ਪਹੁੰਚੇ ਹੋਏ ਸਨ | ਇਸ ਮੌਕੇ ਭਾਜਪਾ ਉਮੀਦਵਾਰਾਂ ਵਲੋਂ ਸੀਨੀਅਰ ਆਗੂ ਗੁਰਦਰਸ਼ਨ ਸਿੰਘ ਸੈਣੀ, ਸੰਜੀਵ ਖੰਨਾ ਤੇ ਐਸ. ਐਮ. ਐਸ. ਸੰਧੂ ਦੀ ਅਗਵਾਈ 'ਚ ਨਾਮਜ਼ਦਗੀ ਪੇਪਰ ਦਾਖ਼ਲ ਕੀਤੇ ਗਏ | ਭਾਜਪਾ ਆਗੂਆਂ ਦੇ ਇਹ ਵੱਖ-ਵੱਖ ਕਾਫਲੇ ਸ਼ਹਿਰ 'ਚ ਚਰਚਾ ਦਾ ਮੁੱਖ ਕੇਂਦਰ ਬਣੇ ਰਹੇ | ਦੂਜੇ ਪਾਸੇ ਟਿਕਟਾਂ ਦੀ ਵੰਡ ਤੋਂ ਨਾਰਾਜ਼ ਆਗੂਆਂ ਨੇ ਦੂਜੀਆਂ ਪਾਰਟੀਆਂ ਅਤੇ ਆਜ਼ਾਦ ਤੌਰ 'ਤੇ ਮੈਦਾਨ 'ਚ ਉਤਰ ਕੇ ਮੁਕਾਬਲੇ ਨੂੰ ਬੇਹੱਦ ਰੌਚਕ ਬਣਾ ਦਿੱਤਾ ਹੈ |
ਵਾਰਡ ਨੰ. 9 ਦਾ ਨਾਟਕੀ ਖੇਲ ਬਣਿਆ ਚਰਚਾ ਦਾ ਵਿਸ਼ਾ
ਡੇਰਾਬੱਸੀ, (ਰਣਜੀਤ ਸਿੰਘ ਪੜ੍ਹੀ, ਗੁਰਮੀਤ ਸਿੰਘ) - ਕਾਂਗਰਸ ਵਲੋਂ ਵਾਰਡ ਨੰ. 9 ਤੋਂ ਟਿਕਟ ਨਾ ਦਿੱਤੇ ਜਾਣ ਕਾਰਨ ਸਾਬਕਾ ਕੌਂਸਲਰ ਰਾਮਦੇਵ ਸ਼ਰਮਾ ਦੇ ਪਰਿਵਾਰ ਨੇ ਪਾਰਟੀ ਨਾਲੋਂ ਨਾਤਾ ਤੋੜ ਲਿਆ ਅਤੇ ਉਨ੍ਹਾਂ ਦੀ ਨੂੰ ਹ ਏਕਤਾ ਸ਼ਰਮਾ ਨੇ ਐਨ ਮੌਕੇ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਨਾਮਜ਼ਦਗੀ ਭਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਪਹਿਲਾਂ ਉਨ੍ਹਾਂ ਸਵੇਰ ਵੇਲੇ ਆਜ਼ਾਦ ਚੋਣ ਲੜਨ ਲਈ ਫਾਰਮ ਭਰੇ ਸਨ, ਜਿਸ ਕਾਰਨ ਇਹ ਚਰਚਾ ਦਾ ਵਿਸ਼ਾ ਰਿਹਾ | ਕਾਂਗਰਸ 'ਚ ਵੀ ਦੋ ਧੜੇ ਬਣੇ ਹੋਏ ਹਨ, ਜਿਨ੍ਹਾਂ 'ਚੋਂ ਇਕ ਧੜਾ ਕਾਂਗਰਸ ਆਗੂ ਦੀਪਇੰਦਰ ਸਿੰਘ ਢਿੱਲੋਂ ਅਤੇ ਦੂਸਰਾ ਧੜਾ ਕਾਂਗਰਸ ਦੇ ਸਪੋਕਸ ਪਰਸਨ ਅਤੇ ਯੂਥ ਆਗੂ ਅਮਿਤ ਬਾਵਾ ਸੈਣੀ ਦਾ ਹੈ | 'ਆਪ' ਦੇ ਖੇਮੇ 'ਚ ਵੀ ਵਾਰਡ ਨੰ. 18 ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ ਸਾਬਕਾ ਕੌਂਸਲਰ ਹਰਵਿੰਦਰ ਸਿੰਘ ਪਟਵਾਰੀ ਨੇ ਬਗਾਵਤ ਕਰਦਿਆਂ ਬਤੌਰ ਆਜ਼ਾਦ ਉਮੀਦਵਾਰ ਆਪਣੇ ਪੇਪਰ ਦਾਖ਼ਲ ਕਰ ਦਿੱਤੇ ਹਨ | ਨਾਮਜ਼ਦਗੀਆਂ ਦਾ ਆਖ਼ਰੀ ਦਿਨ ਹੋਣ ਕਾਰਨ ਐਸ. ਡੀ. ਐਮ. ਦਫ਼ਤਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ | ਡੀ. ਐਸ. ਪੀ. ਅਤੇ ਸਥਾਨਕ ਪੁਲਿਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੱਖ-ਵੱਖ ਪੁਆਇੰਟਾਂ 'ਤੇ ਬੈਰੀਕੇਡਿੰਗ ਕਰਕੇ ਭੀੜ ਨੂੰ ਕਾਬੂ 'ਚ ਰੱਖਿਆ ਗਿਆ ਤਾਂ ਜੋ ਅਮਨ-ਕਾਨੂੰਨ ਦੀ ਸਥਿਤੀ ਬਣੀ ਰਹੇ |