ਖਰੜ, 16 ਮਈ (ਜੰਡਪੁਰੀ)- ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਹੜੇ ਲੋਕ ਸਿਆਸਤ ਤੋਂ ਜਾਣੂ ਨਹੀਂ ਹਨ, ਉਨ੍ਹਾਂ ਵੱਲੋਂ ਧੱਕੇ ਨਾਲ ਇਹ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਆਉਣ ਵਾਲੀ 26 ਮਈ ਨੂੰ ਨਗਰ ਕੌਂਸਲ ਖਰੜ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਡਬਲ ਬੈਂਚ ਦੇ ਹੁਕਮਾਂ ਦੀ ਪਾਲਣਾ ਸੰਬੰਧੀ ਅਦਾਲਤ 'ਚ ਜੁਆਇੰਟ ਡਾਇਰੈਕਟਰ ਲੋਕਲ ਬਾਡੀ, ਐਮ. ਸੀ. ਪੈਨਲ ਦੇ ਐਡਵੋਕੇਟ ਧਰਮਿੰਦਰ ਸਿੰਘ ਢਿੱਲੋਂ, ਸਕੱਤਰ ਲੋਕਲ ਬਾਡੀ, ਡਾਇਰੈਕਟਰ ਲੋਕਲ ਬਾਡੀ ਤੇ ਡਿਲੀਮੀਟੇਸ਼ਨ ਕਮੇਟੀ ਦੇ ਚੇਅਰਮੈਨ ਐੱਸ.ਡੀ.ਐਮ. ਖਰੜ ਵੱਲੋਂ ਪੇਸ਼ ਹੋ ਕੇ ਸਪਸ਼ਟ ਕੀਤਾ ਗਿਆ ਕਿ ਜਦੋਂ ਤੱਕ 6 ਪਿੰਡਾਂ ਨੂੰ ਨਗਰ ਕੌਂਸਲ ਦੇ ਵਾਰਡਾਂ 'ਚ ਸ਼ਾਮਿਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਚੋਣਾਂ ਨਹੀਂ ਕਰਵਾਈਆਂ ਜਾਣਗੀਆਂ | ਕਮਲ ਕਿਸ਼ੋਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ 26 ਮਈ ਨੂੰ ਨਗਰ ਕੌਂਸਲ ਖਰੜ ਦੀਆਂ ਚੋਣਾਂ ਨਹੀਂ ਹੋਣਗੀਆਂ | ਇਸ ਲਈ ਉਨ੍ਹਾਂ ਨੇ ਨਗਰ ਕੌਂਸਲ ਦੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਕਿਸਮ ਦਾ ਬੇਲੋੜਾ ਖ਼ਰਚਾ ਨਾ ਕੀਤਾ ਜਾਵੇ ਅਤੇ ਅਫ਼ਵਾਹਾਂ ਤੋਂ ਸਾਵਧਾਨ ਰਿਹਾ ਜਾਵੇ |