ਚੰਡੀਗੜ੍ਹ, 6 ਮਈ (ਅਜਾਇਬ ਸਿੰਘ ਔਜਲਾ) - ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਤੋਂ ਤੰਗ ਆਏ ਮੁਲਾਜ਼ਮਾਂ ਨੇ ਅੱਜ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਦੇ ਸੱਦੇ 'ਤੇ ਚੰਡੀਗੜ੍ਹ ਦੇ ਮਸ਼ਹੂਰ ਮਟਕਾ ਚੌਕ 'ਤੇ ਸਰਕਾਰ ਵਿਰੁੱਧ ਵਿਰੋਧ ਦਰਜ ਕੀਤਾ | ਸਰਕਾਰ ਵਲੋਂ ਮੁਲਾਜ਼ਮਾਂ ਦੇ ਡੀ.ਏ. ਸਬੰਧੀ ਹਾਈਕੋਰਟ ਵਲੋਂ ਦਿੱਤੇ ਫ਼ੈਸਲੇ ਵਿਰੁੱਧ ਸਰਕਾਰ ਵਲੋਂ ਡਬਲ ਬੈਂਚ 'ਤੇ ਪਾਈ ਗਈ ਰੀਵਿਊ ਪਟੀਸ਼ਨ ਕਾਰਨ ਮੁਲਾਜ਼ਮ ਭਾਰੀ ਰੋਹ 'ਚ ਸਨ | ਮੁਲਾਜ਼ਮਾਂ ਨੇ ਇਹ ਪ੍ਰਦਰਸ਼ਨ ਛੁੱਟੀ ਹੋਣ ਤੋਂ ਬਾਅਦ ਪੰਜ ਤੋਂ ਛੇ ਵਜੇ ਦਰਮਿਆਨ ਕੀਤਾ | ਇਸੇ ਦੌਰਾਨ ਇਨ੍ਹਾਂ ਚਾਰ ਦਰਜਨ ਕਰੀਬ ਮੁਲਾਜ਼ਮਾਂ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲਿਆ ਗਿਆ | ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਤੇ ਵਿਰੋਧ ਪ੍ਰਦਰਸ਼ਨ ਵਿਚ ਸ਼ਾਮਿਲ ਮਨਜੀਤ ਸਿੰਘ ਰੰਧਾਵਾ, ਸੁਸ਼ੀਲ ਕੁਮਾਰ ਫ਼ੌਜੀ, ਸਾਹਿਲ ਸ਼ਰਮਾ, ਹਰਨੇਕ ਸਿੰਘ, ਅਮਿਤ ਕਟੋਚ ਨੇ ਕਿਹਾ ਕਿ ਜਾਂ ਤਾਂ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਜਾਣ ਨਹੀਂ ਤਾਂ 2027 ਦੇ ਵਿਧਾਨ ਸਭਾ ਚੋਣਾਂ 'ਚ 'ਆਪ' ਸਰਕਾਰ ਦਾ ਹਾਲ ਵੀ ਬੰਗਾਲ ਦੀ ਮਮਤਾ ਬੈਨਰਜੀ ਵਾਲੀ ਪਾਰਟੀ ਵਾਲਾ ਕਰ ਦਿੱਤਾ ਜਾਵੇਗਾ |