ਨੂਰਪੁਰ ਬੇਦੀ, 26 ਮਾਰਚ (ਵਿੰਦਰਪਾਲ ਝਾਂਡੀਆਂ)-ਪਿੰਡ ਜਟਵਾਹੜ ਵਿਖੇ ਸਥਿਤ ਸ੍ਰੀ ਰਾਮ ਮੰਦਰ ਵਿਚ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਮਨਾਉਣ ਲਈ ਸਮਾਗਮ ਕਰਵਾਇਆ ਗਿਆ | ਬਾਬਾ ਸਰਵਣ ਦਾਸ ਦੇ ਆਸ਼ੀਰਵਾਦ ਅਤੇ ਸਵਾਮੀ ਦਿਆਲ ਦਾਸ ਤੇ ਸਵਾਮੀ ਬੇਅੰਤ ਦਾਸ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਸ੍ਰੀ ਮਹੰਤ ਬਾਬਾ ਭਗਵਾਨ ਦਾਸ ਨੰਦਪੁਰ ਕੇਸ਼ੋਵਾਲਿਆ ਅਤੇ ਆਚਾਰੀਆ ਚੰਦਰ ਕਾਂਤ ਵਲੋਂ ਸ੍ਰੀ ਰਾਮਾਇਣ ਦੇ ਪਾਠ ਦਾ ਭੋਗ ਪਾਇਆ ਗਿਆ | ਬਾਬਾ ਭਗਵਾਨ ਦਾਸ ਨੇ ਸੰਗਤਾਂ ਨੂੰ ਭਗਵਾਨ ਸ੍ਰੀ ਰਾਮ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਲਈ ਆਖਿਆ | ਉਨ੍ਹਾ ਕਿਹਾ ਕਿ ਭਗਵਾਨ ਸ੍ਰੀ ਰਾਮ ਦਾ ਜੀਵਨ ਸਚਾਈ, ਮਰਿਆਦਾ, ਤਿਆਗ ਅਤੇ ਧਰਮ ਦਾ ਸਰਵੋਤਮ ਉਦਾਹਰਨ ਹੈ | ਜੇਕਰ ਮਨੁੱਖ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜੀਵਨ 'ਚ ਅਪਣਾਵੇ, ਤਾਂ ਸਮਾਜ 'ਚ ਪਿਆਰ, ਸ਼ਾਂਤੀ ਅਤੇ ਭਾਈਚਾਰਾ ਆਪਣੇ ਆਪ ਸਥਾਪਿਤ ਹੋ ਸਕਦਾ ਹੈ | ਜਦਕਿ ਕੀਰਤਨ ਮੰਡਲੀਆਂ ਨੇ ਪ੍ਰਭੂ ਸ੍ਰੀ ਰਾਮ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਮੌਕੇ ਮਹੰਤ ਮਹਾਦਾਸ, ਮਹੰਤ ਸ਼ੰਕਰ ਦਾਸ, ਬਾਬਾ ਉੱਤਮ ਦਾਸ, ਮਹੰਤ ਮੋਹਨ ਦਾਸ, ਪਰਮੇਸ਼ਵਰ ਦਾਸ, ਚੇਤਨ ਦਾਸ, ਹਰ ਨਰਾਇਣ ਦਾਸ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਸ਼ਸ਼ੀਕਾਂਤ ਚੰਦਨ ਤਖਤਗੜ੍ਹ, ਜਰਨੈਲ ਸਿੰਘ, ਡਾਕਟਰ ਸੁਭਾਸ਼ ਬੇਦੀ, ਪ੍ਰਮੋਦ ਕੁਮਾਰ ਨੋਨੀ, ਗਿਆਨ ਸਿੰਘ, ਰਾਮ ਸਿੰਘ, ਹਰਪ੍ਰੀਤ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |