ਚੰਡੀਗੜ੍ਹ, 26 ਮਾਰਚ (ਰਾਮ ਸਿੰਘ ਬਰਾੜ) - ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿਚ ਰਬੀ 2026-2027 ਸੀਜ਼ਨ ਲਈ ਭੰਡਾਰਣ ਵਿਵਸਥਾਵਾਂ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਮਹਤੱਵਪੂਰਨ ਫੈਸਲੇ ਕੀਤੇ ਗਏ | ਮੀਟਿੰਗ 'ਚ 550 ਕਰੋੜ ਰੁਪਏ ਨਾਲ ਜੂਟ ਤੇ ਹੋਰ ਬੈਗਾਂ ਦੀ ਖਰੀਦ ਦੇ ਦੋ ਏਜੰਡੇ ਸਨ, ਨੈਗੋਸੀਏਸ਼ਨ ਕਰ ਕੇ 80 ਕਰੋੜ ਰੁਪਏ ਬਚਾਏ ਗਏ | ਕਣਕ ਦੇ ਸੁਰੱਖਿਅਤ ਭੰਡਾਰਣ ਨੂੰ ਯਕੀਨੀ ਕਰਨ ਲਈ ਜੂਟ ਬੈਗਾਂ ਅਤੇ ਹੋਰ ਬੈਗਾਂ ਦੀ ਖਰੀਦ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ | ਇਸ ਫੈਸਲੇ ਨਾਲ ਰਾਜ ਵਿਚ ਅਨਾਜ ਭੰਡਾਰਨ ਦੀ ਸਮਰੱਥਾ ਨੂੰ ਹੋਰ ਵੱਧ ਮਜ਼ਬੂਤ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਤੋਂ ਖਰੀਦੇ ਗਏ ਕਣਕ ਦੇ ਸੁਰੱਖਿਅਤ ਰੱਖ-ਰਖਾਵ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਵੇਗੀ | ਇਹ ਖ਼ਰੀਦ ਪ੍ਰਕਿਰਿਆ ਖੁਰਾਕ ਅਤੇ ਸਪਲਾਈ ਵਿਭਾਗ, ਹੈਫੇਡ ਅਤੇ ਹਰਿਆਣਾ ਰਾਜ ਵੇਅਰਹਾਊਸ ਨਿਗਮ ਦੀ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤੀ ਜਾ ਰਹੀ ਹੈ | ਇਸ ਦੌਰਾਨ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਦ ਪ੍ਰਕਿ੍ਆ ਪੂਰੀ ਤਰ੍ਹਾਂ ਪਾਰਦਰਸ਼ੀ, ਸਮਾਂਬੱਧ ਅਤੇ ਗੁਣਵੱਤਾ ਮਾਨਕਾਂ ਦੇ ਅਨੁਰੂਪ ਯਕੀਨੀ ਕੀਤੀ ਜਾਵੇ, ਤਾਂ ਜੋ ਸਰਕਾਰੀ ਸਰੋਤਾਂ ਦੀ ਸਰਵੋਤਮ ਵਰਤੋ ਹੋ ਸਕੇ | ਮੀਟਿੰਗ 'ਚ ਹਰਿਆਣਾ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ ਤੇ ਹੋਰ ਅਧਿਕਾਰੀ ਮੌਜੂਦ ਸਨ |