ਖਰੜ, 1 ਮਾਰਚ (ਗੁਰਮੁਖ ਸਿੰਘ ਮਾਨ)-ਤਹਿਸੀਲ ਖਰੜ ਦੇ ਪਿੰਡ ਮਦਨਹੇੜੀ ਤੋਂ ਪੀਰ ਸੁਹਾਣਾ ਸੰਪਰਕ ਸੜਕ ਦੀ ਹਾਲਤ ਖਸਤਾ ਹੋਣ ਕਾਰਨ ਇਸ ਸੜਕ 'ਤੇ ਆਮ ਲੋਕਾਂ ਵਲੋਂ ਲੰਘਣਾ ਔਖਾ ਹੋ ਗਿਆ ਹੈ | ਇਸ ਸੰਬੰਧੀ ਪਿੰਡ ਮਦਨਹੇੜੀ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਰਵੀ ਮਦਨਹੇੜੀ ਸਰਕਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਘੜੂੰਆਂ, ਜਥੇਦਾਰ ਕੰਵਲਜੀਤ ਸਿੰਘ, ਪੰਚ ਹਰਜਿੰਦਰ ਸਿੰਘ, ਅਮਰਜੀਤ ਸਿੰਘ, ਸੋਹਣ ਸਿੰਘ, ਚਰਨਜੀਤ ਸਿੰਘ, ਜੀਤ ਸਿੰਘ, ਰਿੰਕੂ, ਛੋਟਾ ਜਸ਼ਨ ਸਮੇਤ ਹੋਰ ਵਸਨੀਕਾਂ ਨੇ ਦੱਸਿਆ ਕਿ ਪਿਛਲੀ ਸਰਕਾਰ ਸਮੇਂ ਪਿੰਡ ਮਦਨਹੇੜੀ ਤੋਂ ਪੀਰ ਸੁਹਾਣਾ-ਰੰਧਾਵਾ ਰੋਡ ਤੱਕ ਇਸ ਸੜਕ ਨੂੰ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪਾਸ ਕਰਵਾਇਆ ਗਿਆ ਸੀ ਅਤੇ ਇਸ ਨੂੰ ਪਿੰਡ ਮਦਨਹੇੜੀ ਤੋਂ ਪੀਰ ਸੁਹਾਣਾ, ਰੰਧਾਵਾ ਰੋਡ ਤੱਕ ਬਣਾਇਆ ਜਾਣਾ ਸੀ | ਇਸ ਸਮੇਂ ਪਿੰਡਾਂ ਦੇ ਵਸਨੀਕਾਂ ਅਤੇ ਕਿਸਾਨਾਂ ਵਲੋਂ ਸੜਕ 'ਤੇ ਮਿੱਟੀ ਪੁਆ ਦਿੱਤੀ ਗਈ ਸੀ ਅਤੇ ਉਸ ਸਮੇਂ ਸਰਕਾਰ ਵਲੋਂ ਸੜਕ ਬਣਾਉਣ ਲਈ ਗਟਕਾ ਵੀ ਪੁਆਇਆ ਗਿਆ ਸੀ, ਪਰ ਪੰਜਾਬ 'ਚ ਸੱਤਾ ਬਦਲੀ ਤੋਂ ਬਾਅਦ ਮੌਜੂਦਾ 'ਆਪ' ਸਰਕਾਰ ਵਲੋਂ ਇਸ ਸੜਕ ਦਾ ਨਿਰਮਾਣ ਕਾਰਜ ਪੂਰਾ ਨਹੀ ਕਰਵਾਇਆ ਗਿਆ, ਜਿਸ ਕਾਰਨ ਇਸ ਸੜਕ 'ਤੇ ਜੋ ਪਹਿਲਾਂ ਗਟਕਾ ਪਾਇਆ ਹੋਇਆ ਸੀ ਉਹ ਵੀ ਹੁਣ ਖਿੱਲਰ ਚੁੱਕਾ ਹੈ | ਉਨ੍ਹਾਂ ਸਰਕਾਰ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਗਟਕਾ ਪੁਆ ਕੇ ਪ੍ਰੀਮਿਕਸ ਪੁਆਇਆ ਜਾਵੇ ਅਤੇ ਸੜਕ ਨੂੰ ਚਾਲੂ ਹਾਲਤ 'ਚ ਕੀਤਾ ਜਾਵੇ, ਕਿਉਂਕਿ ਅਪ੍ਰੈਲ ਮਹੀਨੇ 'ਚ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਕਿਸਾਨਾਂ ਵਲੋਂ ਆਪਣੀ ਫਸਲ ਮੰਡੀਆਂ 'ਚ ਲੈ ਕੇ ਜਾਣੀ ਹੈ |