ਜ਼ੀਰਕਪੁਰ, 19 ਫਰਵਰੀ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਫਲੈਟ ਦੀ ਪਾਰਕਿੰਗ 'ਚੋਂ ਉਸ ਦਾ ਮੋਟਰਸਾਈਕਲ ਚੋਰੀ ਹੋਣ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਬੀ. ਐੱਨ. ਐੱਸ. ਦੀ ਧਾਰਾ 303 (2) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਕਸ਼ਿਸ਼ ਸੂਦ ਵਾਸੀ ਪਿੰਡ ਰਾਜਪੁਰਾ ਪਾਲਮਪੁਰ ਕਾਂਗੜਾ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਇਸ ਸਮੇਂ ਫਲੈਟ ਨੰ. 8 ਟਾਵਰ ਏ-3 ਮਾਇਆ ਗਾਰਡਨ ਸਿਟੀ ਨਗਲਾ ਰੋਡ ਜ਼ੀਰਕਪੁਰ ਵਿਖੇ ਆਪਣੇ ਮਾਮੇ ਦੇ ਫਲੈਟ 'ਚ ਰਹਿੰਦਾ ਹੈ | ਉਸ ਨੇ ਦੱਸਿਆ ਕਿ ਉਹ ਨੌਕਰੀ ਤੋਂ ਵਾਪਸ ਆ ਕੇ ਆਪਣਾ ਮੋਟਰਸਾਈਕਲ ਰੋਜ਼ਾਨਾ ਫਲੈਟ ਦੀ ਪਾਰਕਿੰਗ 'ਚ ਖੜ੍ਹਾ ਕਰਦਾ ਸੀ ਅਤੇ ਇਸੇ ਤਰ੍ਹਾਂ ਬੀਤੀ ਇਕ ਫਰਵਰੀ ਨੂੰ ਵੀ ਉਸਨੇ ਡਿਊਟੀ ਤੋਂ ਵਾਪਸ ਆ ਕੇ ਸ਼ਾਮ 6 ਵਜੇ ਦੇ ਕਰੀਬ ਆਪਣਾ ਮੋਟਰਸਾਈਕਲ ਆਪਣੇ ਫਲੈਟ ਦੀ ਪਾਰਕਿੰਗ 'ਚ ਖੜ੍ਹਾ ਕੀਤਾ ਸੀ | ਅਗਲੇ ਦਿਨ ਸਵੇਰੇ ਜਦੋਂ 9.30 ਵਜੇ ਦੇ ਕਰੀਬ ਉਸ ਨੇ ਦੇਖਿਆ ਤਾਂ ਮੋਟਰਸਾਈਕਲ ਪਾਰਕਿੰਗ 'ਚ ਨਹੀਂ ਸੀ | ਉਸ ਨੇ ਮੋਟਰਸਾਈਕਲ ਦੀ ਆਪਣੇ ਵਲੋਂ ਹਰ ਥਾਂ ਭਾਲ ਕੀਤੀ, ਪਰ ਕਿਤੇ ਨਹੀਂ ਮਿਲਿਆ | ਇਸ ਤੋਂ ਬਾਅਦ ਉਸ ਨੇ ਥਾਣੇ 'ਚ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ |