ਐੱਸ. ਏ. ਐੱਸ. ਨਗਰ, 19 ਫਰਵਰੀ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ 18 ਵਿਦਿਆਰਥੀਆਂ ਨੂੰ ਅਮਰੀਕਨ ਪੁਲਾੜ ਏਜੰਸੀ ਨਾਸਾ ਵਲੋਂ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਹੈ | ਸੀ. ਯੂ. ਦੇ ਵਿਗਿਆਨ ਦੇ ਵਿਦਿਆਰਥੀਆਂ ਨੇ ਆਸਮਾਨ ਦੀਆਂ ਗਹਿਰਾਈਆਂ ਨੂੰ ਤਲਾਸ਼ਦੇ ਹੋਏ ਦੋ ਨਵੇਂ ਐਸਟਿਰਾਇਡ (ਉਲਕਾ ਪਿੰਡ) ਖੋਜ ਲਏ ਹਨ | ਇਨ੍ਹਾਂ ਉਲਕਾ ਪਿੰਡਾਂ ਨੂੰ ਡੀ. ਆਈ. ਵੀ./1111 ਅਤੇ ਏ. ਐਨ. ਸੀ/0505 ਦਾ ਨਾਂਅ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਦੇ 26 ਵਿਦਿਆਰਥੀਆਂ ਦੀਆਂ 3 ਟੀਮਾਂ ਨਾਸਾ ਦੀ 'ਕੌਮਾਂਤਰੀ ਐਸਟਿਰਾਇਡ ਖੋਜ ਮੁਹਿੰਮ' (ਆਈ. ਏ. ਐੱਸ. ਸੀ.) ਦਾ ਹਿੱਸਾ ਬਣੀਆਂ ਸਨ | ਇਨ੍ਹਾਂ 'ਚੋਂ 18 ਵਿਦਿਆਰਥੀਆਂ ਦੀਆਂ ਦੋ ਟੀਮਾਂ ਨੇ ਦੋ ਉਲਕਾ ਪਿੰਡਾਂ ਦੀ ਖੋਜ ਕਰਕੇ ਮੀਲ ਪੱਥਰ ਸਥਾਪਿਤ ਕੀਤਾ ਹੈ | ਨਾਸਾ ਵਲੋਂ ਉਲਕਾ ਪਿੰਡ ਖੋਜ 'ਚ ਵੱਡਮੁੱਲਾ ਯੋਗਦਾਨ ਪਾਉਣ ਲਈ ਉਨ੍ਹਾਂ ਨੂੰ 'ਨਾਸਾ ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਦਿੱਤਾ ਗਿਆ ਅਤੇ ਨਾਲ ਹੀ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ ਹੈ | ਇਨ੍ਹਾਂ ਵਿਦਿਆਰਥੀਆਂ ਨੇ ਤਕਰੀਬਨ 45 ਦਿਨਾਂ ਦੇ ਅੰਦਰ ਪੁਲਾੜ 'ਚ ਇਨ੍ਹਾਂ ਉਲਕਾ ਪਿੰਡਾਂ ਦੀ ਖੋਜ ਕੀਤੀ ਹੈ | ਇਸ ਦੇ ਲਈ ਇਨ੍ਹਾਂ ਵਿਦਿਆਰਥੀਆਂ 'ਐਸਟ੍ਰੋਨਾਮਿਕਾ' ਨਾਂਅ ਦੇ ਸਾਫ਼ਟਵੇਅਰ ਅਤੇ 'ਪੈਨ ਸਟਾਰਜ਼ ਟੈਲੀਸਕੋਪ' ਦੀ ਮਦਦ ਲਈ ਸੀ | ਇਨ੍ਹਾਂ ਸਾਫ਼ਟਵੇਅਰਾਂ ਨੂੰ ਇਸਤੇਮਾਲ ਕਰਨ ਲਈ ਚੰਡੀਗੜ੍ਹ ਯੂਨੀਵਰਸਿਟੀ ਐਸਟ੍ਰੋਨਾਮੀ ਕਲੱਬ ਵਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ | ਇਸ ਪ੍ਰਾਪਤੀ 'ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸੰਧੂ ਨੇ ਆਪਣੇ ਵਿਦਿਆਰਥੀਆਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਇਹ ਚੰਡੀਗੜ੍ਹ ਯੂਨੀਵਰਸਿਟੀ ਲਈ ਮਾਣ ਵਾਲਾ ਪਲ ਹੈ | ਉਨ੍ਹਾਂ ਕਿਹਾ ਕਿ ਨਾਸਾ ਵਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ 18 ਵਿਦਿਆਰਥੀਆਂ ਨੂੰ 'ਸਿਟੀਜ਼ਨ ਸਾਇੰਟਿਸਟ' ਦਾ ਦਰਜਾ ਮਿਲਣਾ ਨਵੀਂ ਪੀੜ੍ਹੀ ਦੇ ਵਿਗਿਆਨੀਆਂ ਅਤੇ ਨੌਜਵਾਨ ਵਿਗਿਆਨ ਪ੍ਰੇਮੀਆਂ ਲਈ ਪ੍ਰੇਰਨਾ ਸ੍ਰੋਤ ਹੈ | ਇਹ ਪ੍ਰਾਪਤੀ ਦਰਸਾਉਂਦੀ ਹੈ ਕਿ ਕਿਵੇਂ ਸਮਰਪਣ, ਸਲਾਹ ਅਤੇ ਵਿਵਹਾਰਕ ਵਿਗਿਆਨਕ ਅਨੁਭਵ ਵਿਦਿਆਰਥੀਆਂ ਨੂੰ ਅਕਾਦਮਿਕ ਖੇਤਰ 'ਚ ਰਹਿੰਦੇ ਹੋਏ ਕੌਮਾਂਤਰੀ ਪੱਧਰ 'ਤੇ ਪਛਾਣ ਬਣਾਉਣ 'ਚ ਮਦਦ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਕੌਮਾਂਤਰੀ ਉਲਕਾ ਪਿੰਡ ਖੋਜ ਮੁਹਿੰਮ (ਆਈ. ਏ. ਐੱਸ. ਸੀ.) ਨਾਸਾ ਨਾਲ ਜੁੜਿਆ ਇਕ ਗਲੋਬਲ ਖਗੋਲ-ਵਿਗਿਆਨਕ ਸਿਟੀਜ਼ਨ ਸਾਇੰਸ ਪ੍ਰੋਗਰਾਮ ਹੈ | ਇਹ ਪ੍ਰਾਜੈਕਟ ਦੁਨੀਆ ਭਰ ਦੇ ਵਿਦਿਆਰਥੀਆਂ ਅਤੇ ਖਗੋਲ ਵਿਗਿਆਨੀਆਂ ਨੂੰ ਆਸਮਾਨ ਦੀ ਗਹਿਰਾਈਆਂ 'ਚ ਮੰਡਰਾ ਰਹੇ ਅਣਪਛਾਤੇ ਤਾਰਿਆਂ, ਉਲਕਾ ਪਿੰਡ, ਗ੍ਰਹਿਾਂ, ਉਪ-ਗ੍ਰਹਿਾਂ ਦੀ ਪਛਾਣ ਕਰਨ ਲਈ ਅਸਲ ਟੈਲੀਸਕੋਪ ਡੇਟਾਸੈੱਟ ਪ੍ਰਦਾਨ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਰਾਹੀਂ ਪੇਸ਼ੇਵਰ ਖਗੋਲ-ਵਿਗਿਆਨਕ ਉਪਕਰਣਾਂ ਅਤੇ ਅਸਲ ਵਿਗਿਆਨਕ ਡੇਟਾ ਦੇ ਨਾਲ ਵਿਵਹਾਰਕ ਅਨੁਭਵ ਪ੍ਰਾਪਤ ਕਰਦੇ ਹਨ ਅਤੇ ਅੰਤਰਰਾਸ਼ਟਰੀ ਐਸਟੇਰੋਇਡ-ਨਿਗਰਾਨੀ ਅਤੇ ਗ੍ਰਹਿ-ਰੱਖਿਆ ਯਤਨਾਂ 'ਚ ਕੀਮਤੀ ਯੋਗਦਾਨ ਪਾਉਂਦੇ ਹਨ |