ਐਸ.ਏ.ਐਸ. ਨਗਰ, 18 ਫ਼ਰਵਰੀ (ਕਪਿਲ ਵਧਵਾ) -ਸੈਕਟਰ-94 ਵਿਖੇ ਲੜਕੀ ਨੂੰ ਮਿਲਣ ਆਏ ਇਕ ਨੌਜਵਾਨ ਨੂੰ ਅਗਵਾ ਕਰਕੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਇਕ ਨਾਮਜ਼ਦ ਸਮੇਤ 8 ਤੋਂ 9 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਬਰਨਾਲਾ ਨਿਵਾਸੀ ਅਰਸ਼ਪ੍ਰੀਤ ਸਿੰਘ ਜੋ ਬੀ.ਕਾਮ ਦਾ ਵਿਦਿਆਰਥੀ ਹੈ, ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਇਕ ਦੋਸਤ ਲੜਕੀ ਸੈਕਟਰ-94 ਵਿਚ ਰਹਿੰਦੀ ਹੈ | ਉਹ ਆਪਣੇ ਇਕ ਦੋਸਤ ਨਾਲ ਉਸ ਨੂੰ ਮਿਲਣ ਆਇਆ ਸੀ | ਇਸ ਦੌਰਾਨ ਜਦੋਂ ਉਹ ਲੜਕੀ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਸ ਦੀ ਇਕ ਸਹੇਲੀ ਵੀ ਮੌਜੂਦ ਸੀ | ਸ਼ਿਕਾਇਤਕਰਤਾ ਦੇ ਮੁਤਾਬਕ ਗੱਲਬਾਤ ਦੌਰਾਨ ਲੜਕੀ ਦੀ ਸਹੇਲੀ ਨੇ ਫੋਨ ਕਰਕੇ ਕੁਝ ਨੌਜਵਾਨਾਂ ਨੂੰ ਮੌਕੇ 'ਤੇ ਬੁਲਾ ਲਿਆ | ਕੁਝ ਹੀ ਸਮੇਂ ਵਿਚ ਦੋ ਕਾਰਾਂ ਵਿਚ ਸਵਾਰ ਹੋ ਕੇ 8 ਤੋਂ 9 ਨੌਜਵਾਨ ਉੱਥੇ ਪਹੁੰਚ ਗਏ | ਕਾਰ ਵਿਚੋਂ ਤਨੁਸ਼ ਧੀਮਾਨ ਆਪਣੇ ਸਾਥੀਆਂ ਸਮੇਤ ਬਾਹਰ ਆਇਆ ਅਤੇ ਅਰਸ਼ਪ੍ਰੀਤ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ | ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਦੋਸਤ ਤੋਂ ਮੋਬਾਈਲ ਫੋਨ ਵੀ ਖੋਹ ਲਿਆ | ਪੀੜਤ ਅਨੁਸਾਰ ਹਮਲਾਵਰ ਉਸ ਨੂੰ ਜ਼ਬਰਦਸਤੀ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਏ | ਇਕ ਖੇਤ ਵਿਚ ਲੈ ਜਾ ਕੇ ਉਸ ਨਾਲ ਦੁਬਾਰਾ ਕੁੱਟਮਾਰ ਕੀਤੀ ਗਈ | ਬਾਅਦ ਵਿਚ ਉਸ ਨੂੰ ਜੇਤੋ ਮਾਜਰਾ ਨੇੜੇ ਸੜਕ ਕਿਨਾਰੇ ਸੁੱਟ ਕੇ ਉਹ ਨੌਜਵਾਨ ਫਰਾਰ ਹੋ ਗਏ | ਜ਼ਖ਼ਮੀ ਹਾਲਤ ਵਿਚ ਅਰਸ਼ਪ੍ਰੀਤ ਇਲਾਜ ਲਈ ਹਸਪਤਾਲ ਪਹੁੰਚਿਆ ਅਤੇ ਉੱਥੋਂ ਪੁਲਿਸ ਨੂੰ ਸੂਚਨਾ ਦਿੱਤੀ | ਪੁਲਿਸ ਨੇ ਤਨੁਸ਼ ਧੀਮਾਨ ਅਤੇ ਉਸ ਦੇ 8 ਤੋਂ 9 ਅਣਪਛਾਤੇ ਸਾਥੀਆਂ ਖ਼ਿਲਾਫ਼ ਅਗਵਾ ਕਰਨ, ਕੁੱਟਮਾਰ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ |