ਐੱਸ. ਏ. ਐੱਸ. ਨਗਰ, 17 ਫਰਵਰੀ (ਕਪਿਲ ਵਧਵਾ)-ਸਥਾਨਕ ਫੇਜ਼-11 'ਚ ਸ਼ਿਵਰਾਤਰੀ ਮੌਕੇ ਮੰਦਰ ਤੋਂ ਪੂਜਾ ਕਰਕੇ ਵਾਪਸ ਆ ਰਹੇ 27 ਸਾਲਾ ਨੌਜਵਾਨ ਗੁਰਸੇਵਕ ਸਿੰਘ ਦਾ ਛੁਰੀ ਮਾਰ ਕੇ ਕਤਲ ਕਰਨ ਦੇ ਮਾਮਲੇ 'ਚ ਗੁਪਤ ਸੂਤਰਾਂ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ | ਪੁਲਿਸ ਵਲੋਂ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਨੌਜਵਾਨ ਉੱਤਰ ਪ੍ਰਦੇਸ਼ (ਯੂ, ਪੀ.) ਫ਼ਰਾਰ ਹੋ ਗਿਆ ਹੈ, ਜਿੱਥੇ ਕਿ ਉਸਦਾ ਪਿਛੋਕੜ ਹੈ, ਜਦਕਿ ਉਹ ਹਾਲ ਨਿਵਾਸੀ ਚੰਡੀਗੜ੍ਹ ਦੇ ਫੈਦਾਂ ਪਿੰਡ ਦਾ ਹੈ | ਜਾਣਕਾਰੀ ਅਨੁਸਾਰ ਐਤਵਾਰ ਰਾਤ ਮੰਦਰ ਦੇ ਬਾਹਰ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੋ ਰਿਹਾ ਸੀ ਅਤੇ ਵਾਪਸੀ ਦੌਰਾਨ ਰਸਤੇ ਤੋਂ ਹੱਟਣ ਨੂੰ ਲੈ ਕੇ ਹੋਈ ਕਹਾ-ਸੁਣੀ ਨੇ ਤੂਲ ਫੜ੍ਹ ਲਿਆ, ਜਿਸ ਦੌਰਾਨ ਹਮਲਾਵਰਾਂ ਨੇ ਗੁਰਸੇਵਕ ਸਿੰਘ ਦੇ ਟਿੱਡ 'ਚ ਛੁਰੀ ਮਾਰ ਦਿੱਤੀ, ਜਿਸ ਮਗਰੋਂ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ | ਜ਼ਿਕਰਯੋਗ ਹੈ ਕਿ ਅਜਿਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਵਲੋਂ ਕਮਾਣੀਦਾਰ ਚਾਕੂ ਰੱਖਣ ਦੇ ਦੋਸ਼ ਹੇਠ ਕਈ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਜਾਂਦਾ ਹੈ | ਪੁਲਿਸ ਨੇ ਪਹਿਲਾਂ ਕਤਲ ਦੇ ਯਤਨ ਦਾ ਕੇਸ ਦਰਜ ਕੀਤਾ ਸੀ, ਪਰ ਮੌਤ ਤੋਂ ਬਾਅਦ ਮਾਮਲੇ ਨੂੰ ਕਤਲ ਕੇਸ 'ਚ ਤਬਦੀਲ ਕਰ ਦਿੱਤਾ ਗਿਆ | ਪੁਲਿਸ ਸੂਤਰਾਂ ਮੁਤਾਬਕ ਮੁੱਖ ਮੁਲਜ਼ਮ ਸਮੇਤ ਬਾਕੀ ਮੁਲਜ਼ਮਾਂ ਦੀ ਸ਼ਨਾਖ਼ਤ ਹੋ ਚੁੱਕੀ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ | ਹਾਲਾਂਕਿ ਵਾਰਦਾਤ 'ਚ ਵਰਤਿਆ ਗਿਆ ਹਥਿਆਰ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ | ਇਸ ਸੰਬੰਧੀ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨਾਲ ਸੰਬੰਧਿਤ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਵੀ ਜਾਰੀ ਹੈ ਅਤੇ ਸਾਰੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ |