ਚੰਡੀਗੜ੍ਹ, 17 ਫ਼ਰਵਰੀ (ਕਪਿਲ ਵਧਵਾ)ਸਟੱਡੀ ਵੀਜ਼ਾ ਲਗਵਾਉਣ ਦੇ ਨਾਂਅ 'ਤੇ 7 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਥਾਣਾ ਸੈਕਟਰ-17 ਚੰਡੀਗੜ੍ਹ ਵਿਚ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਜਾਣਕਾਰੀ ਅਨੁਸਾਰ ਰਾਮ ਦਾਸ ਵਾਸੀ ਸ਼ਾਹਾਬਾਦ, ਕੁਰੂਕਸ਼ੇਤਰ (ਹਰਿਆਣਾ) ਦੀ ਸ਼ਿਕਾਇਤ 'ਤੇ ਦੀਪਕ ਸ਼ਰਮਾ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ ਹੈ ਕਿ ਐੱਮ/ਐੱਸ ਰਾਮ ਓਵਰਸੀਜ਼ ਦੇ ਨਾਂ 'ਤੇ ਐੱਸ.ਸੀ.ਓ. ਨੰਬਰ 67, ਪਹਿਲੀ ਮੰਜ਼ਿਲ ਅਤੇ ਐੱਸ.ਸੀ.ਓ. ਨੰਬਰ 76-79, ਦੂਜੀ ਮੰਜ਼ਿਲ, ਸੈਕਟਰ-17, ਚੰਡੀਗੜ੍ਹ ਵਿਖੇ ਦਫ਼ਤਰ ਚਲਾ ਰਹੇ ਉਕਤ ਵਿਅਕਤੀ ਨੇ ਸ਼ਿਕਾਇਤਕਰਤਾ ਨੂੰ ਸਟੱਡੀ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ 7 ਲੱਖ ਰੁਪਏ ਹੜੱਪ ਕਰ ਲਏ | ਇਸ ਸਬੰਧੀ ਆਈ. ਪੀ. ਸੀ ਦੀ ਧਾਰਾ 420 ਅਤੇ 120-ਬੀ ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਣਕਾਰੀ ਅਨੁਸਾਰ ਉਕਤ ਫ਼ਰਮ ਦੇ ਮਾਲਕ ਖ਼ਿਲਾਫ਼ ਥਾਣਾ ਸੈਕਟਰ-17 ਦੀ ਪੁਲਿਸ ਵਲੋਂ ਹੁਣ ਤੱਕ ਛੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ | ਪੁਲਿਸ ਸੂਤਰਾਂ ਮੁਤਾਬਿਕ ਦੀਪਕ ਸ਼ਰਮਾ ਵੀਜ਼ਾ ਲਗਵਾਉਣ ਦੇ ਨਾਮ 'ਤੇ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿਚ ਇਸ ਸਮੇਂ ਜੇਲ੍ਹ ਵਿਚ ਨਜ਼ਰਬੰਦ ਹੈ | ਪੁਲਿਸ ਵਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਸ਼ਿਕਾਇਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ |