ਐੱਸ. ਏ. ਐੱਸ. ਨਗਰ, 17 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸੰਯੁਕਤ ਕਿਸਾਨ ਮੋਰਚੇ (ਗ਼ੈਰ-ਸਿਆਸੀ) ਦੇ ਸੱਦੇ 'ਤੇ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਵਲੋਂ ਡੀ. ਸੀ. ਦਫ਼ਤਰ ਮੁਹਾਲੀ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਤਲੇ ਸਾੜੇ ਗਏ | ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਅਤੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਨੇ ਕਿਹਾ ਕਿ ਕੇਂਦਰ ਸਰਕਾਰ ਬਿਜਲੀ ਸੋਧ ਬਿੱਲ-2025, ਬਿਜਲੀ ਵਿਭਾਗ ਦੇ ਨਿੱਜੀਕਰਨ, ਚਿੱਪ ਵਾਲੇ ਮੀਟਰ, ਬੀਜ ਬਿੱਲ, ਮੁਕਤ ਵਪਾਰ ਸਮਝੌਤੇ ਆਦਿ ਦੇ ਰੂਪ 'ਚ ਰੋਜ਼ਾਨਾ ਹੀ ਨਵੇਂ-ਨਵੇਂ ਕਾਨੂੰਨ ਲਿਆ ਕੇ ਕਿਸਾਨਾਂ, ਮੁਲਾਜ਼ਮ ਵਰਗ ਤੇ ਆਮ ਲੋਕਾਂ ਦਾ ਲੱਕ ਤੋੜਨ 'ਤੇ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਜਿਥੇ ਖੇਤੀ ਸੈਕਟਰ ਤਬਾਹ ਹੋਵੇਗਾ, ਉਥੇ ਹੀ ਡੇਅਰੀ ਫਾਰਮ ਤੇ ਪੋਲਟਰੀ ਫਾਰਮ 'ਤੇ ਵੀ ਗੰਭੀਰ ਸੱਟ ਵੱਜੇਗੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹੋ ਜਿਹੇ ਕਾਨੂੰਨ ਲਿਆ ਰਹੀ ਹੈ, ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਦੀ ਬਜਾਏ ਪੰਜਾਬ ਸਰਕਾਰ ਅਤੇ ਵਿਰੋਧ ਧਿਰ ਚੁੱਪੀ ਧਾਰੀ ਬੈਠੀ ਹੈ, ਜੋ ਕਿ ਇਨ੍ਹਾਂ ਦੀ ਮੋਦੀ ਸਰਕਾਰ ਨਾਲ ਅੰਦਰ ਖਾਤੇ ਮਿਲੀਭੁਗਤ ਨੂੰ ਦਰਸਾਉਂਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੁਕਤ ਵਪਾਰ ਸਮਝੌਤੇ ਦਾ ਕਿਸਾਨ ਸਖ਼ਤ ਵਿਰੋਧ ਕਰ ਰਹੇ ਹਨ, ਪਰ ਸਰਕਾਰਾਂ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਦੇ ਰਹੀਆਂ | ਇਸ ਮੌਕੇ ਕੁਲਵੀਰ ਸਿੰਘ, ਸਪਿੰਦਰ ਸਿੰਘ, ਜਗਬੀਰ ਸਿੰਘ, ਜੱਗਾ ਸਿੰਘ, ਹਰਨੇਕ ਸਿੰਘ, ਬਾਬਾ ਹਰਪਾਲ ਸਿੰਘ, ਦਰਸ਼ਨ ਸਿੰਘ, ਭਿੰਦਾ, ਬਰਿੰਦਰ ਸਿੰਘ, ਪਰਵਿੰਦਰ ਸਿੰਘ, ਹਰਕੀਰਤ ਸਿੰਘ, ਬਾਬਾ ਨਿਹੋਲਕਾ ਤੇ ਨਰਿੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |