21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

20 ਲੱਖ ਦਾ ਸਰੀਆ ਤੇ 18 ਟਾਇਰੀ ਟਰਾਲਾ ਲੁੱਟਣ ਵਾਲੇ 3 ਮੁਲਜ਼ਮ ਕਾਬੂ <br/>

ਅਜੀਤ ਡੈਸਕ 18-02-2026
ਐੱਸ. ਏ. ਐੱਸ. ਨਗਰ, 17 ਫਰਵਰੀ (ਕਪਿਲ ਵਧਵਾ)-ਕਾਰ 'ਚ ਪੁਲਿਸ ਦੀ ਬੱਤੀ ਲਗਾ ਕੇ ਆਪਣੇ ਆਪ ਨੂੰ ਅਧਿਕਾਰੀ ਦਰਸਾਉਂਦੇ ਹੋਏ ਕਰੀਬ 20 ਲੱਖ ਰੁਪਏ ਕੀਮਤ ਦਾ ਸਰੀਆ ਅਤੇ 18 ਟਾਇਰੀ ਟਰਾਲਾ ਲੁੱਟਣ ਦੇ ਮਾਮਲੇ ਨੂੰ ਪੁਲਿਸ ਵਲੋਂ ਸੁਲਝਾਉਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਨਰਿੰਦਰ ਸਿੰਘ ਉਰਫ਼ ਮੋਨੀ ਉਰਫ਼ ਕਾਲਾ ਵਾਸੀ ਪਿੰਡ ਮਜਾਤ ਥਾਣਾ ਸਦਰ ਖਰੜ ਜ਼ਿਲ੍ਹਾ ਮੁਹਾਲੀ, ਹਰਵਿੰਦਰ ਸਿੰਘ ਉਰਫ਼ ਮਿੰਟੂ ਵਾਸੀ ਪਿੰਡ ਮਜਾਰੀ ਕਿਸ਼ਨਵਾਲੀ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਅਰਵਿੰਦਰ ਸਿੰਘ ਉਰਫ਼ ਰਾਜਾ ਵਾਸੀ ਥਾਣਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਹੈ | ਅਦਾਲਤ ਨੇ ਮੁਲਜ਼ਮਾਂ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ | ਪੁਲਿਸ ਅਨੁਸਾਰ ਨਰਿੰਦਰ ਸਿੰਘ ਖ਼ਿਲਾਫ਼ ਜ਼ਿਲ੍ਹਾ ਮੁਹਾਲੀ, ਸੰਗਰੂਰ ਅਤੇ ਫਤਿਹਗੜ੍ਹ ਸਾਹਿਬ ਵਿਖੇ ਧੋਖਾਧੜੀ, ਡਰੱਗ ਤਸਕਰੀ ਅਤੇ ਲੜਾਈ-ਝਗੜੇ ਦੇ ਕੁੱਲ 6 ਮਾਮਲੇ ਦਰਜ ਹਨ, ਜਦਕਿ ਦੂਜੇ ਮੁਲਜ਼ਮ ਹਰਵਿੰਦਰ ਸਿੰਘ ਖ਼ਿਲਾਫ਼ ਸਦਰ ਥਾਣਾ ਪਟਿਆਲਾ 'ਚ ਗੈਰ-ਕਾਨੂੰਨੀ ਸ਼ਰਾਬ ਦਾ ਕੇਸ ਦਰਜ ਹੈ | ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਲੁੱਟਿਆ ਗਿਆ ਸਰੀਆ, 18 ਟਾਇਰੀ ਟਰਾਲਾ ਅਤੇ ਇਕ ਕਾਰ ਬਰਾਮਦ ਕਰ ਲਈ ਹੈ | ਇਸ ਮਾਮਲੇ ਸੰਬੰਧੀ ਸ਼ਿਕਾਇਤਕਰਤਾ ਅਸ਼ੋਕ ਯਾਦਵ ਨੇ ਦੱਸਿਆ ਕਿ ਉਹ ਆਪਣੇ ਮਾਮਾ ਸੁੰਦਰ ਯਾਦਵ ਦਾ 18 ਟਾਇਰੀ ਟਰਾਲਾ ਡਰਾਈਵ ਕਰਦਾ ਹੈ ਅਤੇ 11 ਫਰਵਰੀ ਨੂੰ ਉਹ ਫਤਿਹਗੜ੍ਹ ਸਾਹਿਬ ਦੇ ਇਕ ਕਾਰਖਾਨੇ ਤੋਂ 35 ਟਨ ਸਰੀਆ ਲੋਡ ਕਰਕੇ ਖਰੜ ਵੱਲ ਆ ਰਿਹਾ ਸੀ, ਜਿਸ ਦੌਰਾਨ 12 ਫਰਵਰੀ ਤੜਕੇ ਕਰੀਬ 3 ਵਜੇ ਲੋਡ ਜ਼ਿਆਦਾ ਹੋਣ ਕਾਰਨ ਟਰਾਲੇ ਦੇ ਟਾਇਰ ਗਰਮ ਹੋਣ ਕਾਰਨ ਉਹ ਲਾਂਡਰਾ ਚੌਕ ਤੋਂ ਅੱਧਾ ਕਿਲੋਮੀਟਰ ਪਿੱਛੇ ਇਕ ਢਾਬੇ 'ਤੇ ਖਾਣਾ ਖਾਣ ਲਈ ਰੁਕਿਆ ਤਾਂ ਇਸ ਦੌਰਾਨ ਉਥੇ ਇਕ ਕਾਰ ਆ ਕੇ ਰੁਕੀ, ਜਿਸ 'ਤੇ ਪੁਲਿਸ ਵਰਗੀ ਲਾਲ/ਨੀਲੀ ਬੱਤੀ ਜਲ ਰਹੀ ਸੀ, ਜਿਸ 'ਚੋਂ ਤਿੰਨ ਵਿਅਕਤੀ ਉਤਰ ਕੇ ਟਰਾਲੇ ਦੇ ਕਾਗਜ਼ ਮੰਗਣ ਲੱਗੇ | ਇਸ ਦੌਰਾਨ ਅਸ਼ੋਕ ਨੇ ਸਮਝਿਆ ਕਿ ਆਰ. ਟੀ. ਓ. ਦੀ ਚੈਕਿੰਗ ਹੈ ਅਤੇ ਉਸਨੇ ਉਨ੍ਹਾਂ ਵਿਅਕਤੀਆਂ ਨੂੰ ਦਸਤਾਵੇਜ਼ ਦੇ ਦਿੱਤੇ | ਇਸ ਦੌਰਾਨ ਅਚਾਨਕ ਇਕ ਵਿਅਕਤੀ ਟਰਾਲੇ 'ਚ ਬੈਠ ਕੇ ਉਸਨੂੰ ਚਲਾ ਕੇ ਲੈ ਗਿਆ | ਇਸ 'ਤੇ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਟਰਾਲਾ ਓਵਰਲੋਡ ਹੈ ਅਤੇ ਥਾਣੇ ਲਿਜਾਇਆ ਜਾ ਰਿਹਾ ਹੈ | ਇਸ ਦੌਰਾਨ ਅਸ਼ੋਕ ਅਤੇ ਉਸਦੇ ਕੰਡਕਟਰ ਨੂੰ ਕਾਰ 'ਚ ਬਿਠਾ ਕੇ ਉਨ੍ਹਾਂ ਦਾ ਮੋਬਾਈਲ ਫੋਨ ਵੀ ਖੋਹ ਲਿਆ ਗਿਆ ਅਤੇ ਕੁਝ ਦੂਰ ਲਿਜਾ ਕੇ ਦੋਹਾਂ ਨੂੰ ਕਾਰ ਤੋਂ ਉਤਾਰ ਦਿੱਤਾ ਗਿਆ ਅਤੇ ਮੁਲਜ਼ਮ ਟਰਾਲਾ ਲੈ ਕੇ ਫ਼ਰਾਰ ਹੋ ਗਏ | ਇਸਤੋਂ ਬਾਅਦ ਅਸ਼ੋਕ ਨੇ ਆਪਣੇ ਮਾਮਾ ਨੂੰ ਸੂਚਿਤ ਕਰਕੇ ਥਾਣਾ ਸੋਹਾਣਾ ਵਿਖੇ ਸ਼ਿਕਾਇਤ ਦਰਜ ਕਰਵਾਈ, ਜਿਸ ਮਗਰੋਂ ਸੂਚਨਾ ਅਤੇ ਤਕਨੀਕੀ ਜਾਂਚ ਦੇ ਆਧਾਰ 'ਤੇ ਪੁਲਿਸ ਵਲੋਂ ਮੁਲਜ਼ਮਾਂ ਦਾ ਪਤਾ ਲਗਾ ਕੇ ਗਿ੍ਫ਼ਤਾਰ ਕੀਤਾ ਗਿਆ | ਪੁਲਿਸ ਰਿਮਾਂਡ ਦੌਰਾਨ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਮੁਲਜ਼ਮਾਂ ਨੇ ਇਸ ਤਰ੍ਹਾਂ ਦੀਆਂ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ |

ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਕਾਰਡ ਬਣਾਉਣ ਲਈ ਕੈਂਪ ਲਗਾਇਆ <br/> ਅਗਲੀ ਖ਼ਬਰ ਪੁਲਿਸ ਵਲੋਂ ਦੋ ਔਰਤਾਂ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।