ਚੰਡੀਗੜ੍ਹ, 29 ਜਨਵਰੀ (ਪ੍ਰੋ. ਅਵਤਾਰ ਸਿੰਘ)-ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ 11 ਚੰਡੀਗੜ੍ਹ ਦੇ ਪੰਜਾਬੀ ਵਿਭਾਗ ਤੇ ਪੰਜਾਬੀ ਸਾਹਿਤ ਸਭਾ ਵਲੋਂ ਪ੍ਰਸਿੱਧ ਰੰਗਕਰਮੀ ਡਾ. ਨਰਿੰਦਰ ਨਿੰਦੀ ਦੀ ਆਲੋਚਨਾਤਮਿਕ ਪੁਸਤਕ 'ਪੰਜਾਬੀ ਰੰਗਮੰਚ ਦਾ ਉਦਭਵ ਤੇ ਵਿਕਾਸ' 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਇਸ ਸਮਾਗਮ 'ਚ ਡਾ. ਹਰਦੀਪ ਸਿੰਘ ਤੇ ਰਿਸਰਚ ਸਕਾਲਰ ਰਣਜੀਤ ਕੌਰ ਨੇ ਆਪਣੇ ਖੋਜ ਪੱਤਰ ਪੇਸ਼ ਕੀਤੇ | ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਰਬਜੀਤ ਸਿੰਘ ਵਲੋਂ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਮੌਕੇ ਸਵਾਗਤੀ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ ਨੇ ਵਿਭਾਗ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ 'ਤੇ ਚਾਨਣਾ ਪਾਇਆ | ਇਸ ਉਪਰੰਤ ਡਾ. ਹਰਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪੁਸਤਕ ਪੰਜਾਬੀ ਰੰਗਮੰਚ ਦੇ ਉਦਭਵ ਬਾਰੇ ਪ੍ਰਚਲਿਤ ਧਾਰਨਾਵਾਂ ਦਾ ਭੰਜਨ ਕਰਕੇ ਪੂਰਵ ਆਰੀਆ ਸਮੇਂ ਦੇ ਲੋਕ ਰੰਗਮੰਚ ਵਿਚੋਂ ਇਸਦੇ ਨਕਸ਼ ਤਲਾਸ਼ਦੀ ਹੈ | ਰਣਜੀਤ ਕੌਰ ਨੇ ਕਿਹਾ ਕਿ ਸਾਡੀ ਅਕਾਦਮਿਕਤਾ ਸਿਰਫ਼ ਨਾਟਕ ਦੇ ਉਦਭਵ ਬਾਰੇ ਸੰਸਕਿ੍ਤ ਨਾਟਕ ਨੂੰ ਆਧਾਰ ਮੰਨਦੀ ਆਈ ਹੈ | ਇਸ ਮੌਕੇ ਡਾ. ਸਰਬਜੀਤ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਨਰਿੰਦਰ ਨਿੰਦੀ ਲੋਕ ਰੰਗਮੰਚ ਨੂੰ ਪ੍ਰਣਾਇਆ ਇਕ ਕਲਾਕਾਰ ਗਾਇਕ ਤੇ ਨਿਰਦੇਸ਼ਕ ਹੀ ਨਹੀਂ ਬਲਕਿ ਉਸਨੇ ਆਪਣੇ ਖੋਜ ਕਾਰਜ ਵਿੱਚ ਉਨ੍ਹਾਂ ਮੁੱਦਿਆਂ ਨੂੰ ਉਠਾਇਆ ਹੈ ਜੋ ਕਿਸੇ ਕਲਾ ਦੇ ਆਦਿ ਨੂੰ ਜਾਨਣ ਲਈ ਜ਼ਰੂਰੀ ਬਣ ਜਾਂਦੇ ਹਨ | ਇਸ ਮੌਕੇ ਪੰਜਾਬੀ ਵਿਭਾਗ ਵਲੋਂ ਡਾ. ਨਰਿੰਦਰ ਨਿੰਦੀ ਨੂੰ ਸਨਮਾਨਿਤ ਵੀ ਕੀਤਾ ਗਿਆ | ਵਿਚਾਰ ਚਰਚਾ ਵਿਚ ਕਿਰਨਜੀਤ ਕੌਰ, ਰਿਸ਼ਪ੍ਰੀਤ ਸਿੰਘ ਅਤੇ ਡਾ ਪਰਮਜੀਤ ਸਿੰਘ ਨੇ ਭਾਗ ਲਿਆ | ਮੰਚ ਸੰਚਾਲਨ ਡਾ. ਪ੍ਰਕਾਸ਼ ਸਿੰਘ ਨੇ ਬਾਖੂਬੀ ਨਿਭਾਇਆ ਅਤੇ ਧੰਨਵਾਦੀ ਸ਼ਬਦ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਕਿ੍ਸ਼ਪ੍ਰੀਤ ਤੇ ਸੁਖਮਨ ਕੌਰ ਬਨਵੈਤ ਵਲੋਂ ਕਹੇ ਗਏ |