ਚੰਡੀਗੜ੍ਹ ਨਗਰ ਨਿਗਮ 'ਚ ਭਾਜਪਾ ਨੇ ਮਾਰੀ ਬਾਜ਼ੀ, 'ਆਪ' ਕਾਂਗਰਸ ਦੀ ਫੁੱਟ ਆਈ ਸਾਹਮਣੇ <br/>
ਅਜੀਤ ਡੈਸਕ
30-01-2026
ਭਾਜਪਾ ਵਲੋਂ ਮੇਅਰ ਅਹੁਦੇ ਲਈ ਐਲਾਨੇ ਗਏ ਉਮੀਦਵਾਰ ਸੌਰਭ ਜੋਸ਼ੀ ਨੂੰ 18 ਕੌਂਸਲਰਾਂ ਵਲੋਂ ਦਿੱਤੇ ਸਮਰੱਥਨ ਕਾਰਨ ਮੇਅਰ ਬਣਨ ਦਾ ਮਾਣ ਹਾਸਲ ਹੋਇਆ | ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਵੀ ਭਾਜਪਾ ਹਿੱਸੇ ਆਏ, ਜਿਸ ਨਾਲ ਨਗਰ ਨਿਗਮ 'ਚ ਪਾਰਟੀ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ | ਮੇਅਰ ਸੌਰਭ ਜੋਸ਼ੀ (ਭਾਜਪਾ) 18 ਵੋਟ, ਸੀਨੀਅਰ ਡਿਪਟੀ ਮੇਅਰ ਜਸਮਨਪ੍ਰੀਤ ਸਿੰਘ (ਭਾਜਪਾ) 18 ਵੋਟ ਅਤੇ ਡਿਪਟੀ ਮੇਅਰ ਸੁਮਨ ਸ਼ਰਮਾ (ਭਾਜਪਾ) 18 ਵੋਟ ਮਿਲੇ ਜਦ ਕਿ ਆਮ ਆਦਮੀ ਪਾਰਟੀ ਨੂੰ 11 ਤੇ ਕਾਂਗਰਸ ਨੂੰ 7 ਵੋਟਾਂ ਮਿਲੀਆਂ | ਚੋਣ ਤੋਂ ਪਹਿਲਾਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ 'ਆਪ' ਤੇ ਕਾਂਗਰਸ ਦੋਵੇਂ ਪਾਰਟੀਆਂ ਇਕ ਦੂਜੇ ਦਾ ਸਮਰਥਨ ਕਰ ਸਕਦੀਆਂ ਹਨ, ਪਰ ਅਜਿਹਾ ਨਹੀਂ ਹੋਇਆ | ਮੇਅਰ ਅਹੁਦੇ ਦੀ ਚੋਣ ਦੌਰਾਨ ਤਿੰਨਾਂ ਹੀ ਪਾਰਟੀਆਂ ਨੇ ਆਪਣੇਆਪਣੇ ਉਮੀਦਵਾਰਾਂ ਦੇ ਹੱਕ 'ਚ ਹੱਥ ਖੜ੍ਹੇ ਕਰ ਕੇ ਵੋਟਿੰਗ ਕੀਤੀ |
ਪਹਿਲੀ ਵਾਰ ਹੱਥ ਖੜ੍ਹੇ ਕਰਕੇ ਤਿੰਨਾਂ ਅਹੁਦਿਆਂ ਲਈ ਕਰਵਾਈ ਗਈ ਚੋਣ
ਨਗਰ ਨਿਗਮ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਕਿ ਬੈਲਟ ਪੇਪਰਾਂ ਰਾਹੀਂ ਵੋਟਿੰਗ ਦੀ ਥਾਂ ਸ਼ਰੇਆਮ ਹੱਥ ਖੜ੍ਹੇ ਕਰਕੇ ਵੋਟਿੰਗ ਕਰਵਾਈ ਗਈ | ਸਭ ਤੋਂ ਪਹਿਲਾਂ ਕਾਂਗਰਸ ਦੇ ਮੇਅਰ ਉਮੀਦਵਾਰ ਗੁਰਪ੍ਰੀਤ ਸਿੰਘ ਗਾਬੀ ਲਈ ਵੋਟਿੰਗ ਦਾ ਐਲਾਨ ਕੀਤਾ ਗਿਆ, ਜਿਸ 'ਤੇ ਸਾਰੇ 6 ਕਾਂਗਰਸੀ ਕੌਂਸਲਰਾਂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੀਆਪਣੀ ਵਾਰੀ ਸਿਰ ਹੱਥ ਖੜ੍ਹੇ ਕਰਕੇ ਗੁਰਪ੍ਰੀਤ ਸਿੰਘ ਗਾਬੀ ਦੇ ਹੱਕ ਵਿਚ ਵੋਟ ਪਾਈ | ਇਸ ਉਪਰੰਤ ਭਾਜਪਾ ਉਮੀਦਵਾਰ ਸੌਰਭ ਜੋਸ਼ੀ ਦੇ ਨਾਂ 'ਤੇ ਵੋਟਿੰਗ ਦਾ ਐਲਾਨ ਹੁੰਦੇ ਹੀ ਪਾਰਟੀ ਦੇ ਸਾਰੇ 18 ਕੌਂਸਲਰਾਂ ਨੇ ਹੱਥ ਖੜ੍ਹੇ ਕਰ ਕੇ ਆਪਣਾ ਸਮਰੱਥਨ ਦਿੱਤਾ | ਇਸ ਤੋਂ ਬਾਅਦ ਇਕਇਕ ਕਰਕੇ ਸਾਰੇ ਭਾਜਪਾ ਕੌਂਸਲਰ ਰਿਟਰਨਿੰਗ ਅਫ਼ਸਰ ਕੋਲ ਗਏ, ਦਸਤਖ਼ਤ ਕੀਤੇ ਅਤੇ ਹੱਥ ਖੜ੍ਹੇ ਕਰਕੇ ਕਿਹਾ, 'ਮੇਰਾ ਵੋਟ ਸੌਰਭ ਜੋਸ਼ੀ ਨੂੰ |'
ਆਖ਼ਰ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਯੋਗੇਸ਼ ਢੀਂਗਰਾ ਲਈ ਵੋਟਿੰਗ ਕਰਵਾਈ ਗਈ, ਜਿਸ ਦੌਰਾਨ 'ਆਪ' ਦੇ ਕਾੌਸਲਰਾਂ ਨੇ ਹੱਥ ਖੜ੍ਹੇ ਕਰਕੇ ਉਨ੍ਹਾਂ ਦੇ ਹੱਕ 'ਚ ਸਹਿਮਤੀ ਦਿੱਤੀ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 'ਆਪ' ਤੋਂ ਨਾਰਾਜ਼ ਹੋ ਕੇ ਡਿਪਟੀ ਮੇਅਰ ਚੋਣ ਲਈ ਆਜ਼ਾਦ ਤੌਰ 'ਤੇ ਨਾਮਜ਼ਦਗੀ ਭਰਨ ਵਾਲੇ ਰਾਮਚੰਦਰ ਯਾਦਵ ਨੇ ਵੀ ਹੱਥ ਖੜ੍ਹੇ ਕਰਕੇ ਪਾਰਟੀ ਉਮੀਦਵਾਰ ਦੇ ਹੱਕ 'ਚ ਸਹਿਮਤੀ ਦਿੱਤੀ | ਸਭ ਤੋਂ ਵੱਧ ਵੋਟਾਂ ਹਾਸਲ ਕਰਨ 'ਤੇ ਭਾਜਪਾ ਦੇ ਸੌਰਭ ਜੋਸ਼ੀ ਨੂੰ ਮੇਅਰ ਘੋਸ਼ਿਤ ਕੀਤਾ ਗਿਆ | ਇਸ ਤੋਂ ਬਾਅਦ ਜੋਸ਼ੀ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਚੋਣ ਪ੍ਰਕਿਰਿਆ ਕਰਵਾਈ | ਕਾਂਗਰਸ ਦੇ ਕੌਂਸਲਰ ਅਤੇ ਸੰਸਦ ਮੈਂਬਰ ਮੇਅਰ ਚੋਣ ਤੋਂ ਤੁਰੰਤ ਬਾਅਦ ਸਦਨ ਤੋਂ ਬਾਹਰ ਚਲੇ ਗਏ, ਜਿਸ ਕਾਰਨ ਪਾਰਟੀ ਨੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਚੋਣ ਨਹੀਂ ਲੜੀ |
ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ 'ਆਪ' ਮੁਕਾਬਲੇ 'ਚ ਨਹੀਂ- ਸਾਲ 2021 ਦੀਆਂ ਨਗਰ ਨਿਗਮ ਚੋਣਾਂ 'ਚ 14 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣੀ ਆਮ ਆਦਮੀ ਪਾਰਟੀ ਇਸ ਵਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨਾਂ ਹੀ ਅਹੁਦਿਆਂ 'ਤੇ ਭਾਜਪਾ ਨੂੰ ਟੱਕਰ ਦੇਣ ਦੀ ਸਥਿਤੀ ਵਿਚ ਨਹੀਂ ਦਿੱਖੀ | ਕੌਂਸਲਰਾਂ ਦੇ ਟੁੱਟਣ ਅਤੇ ਹੋਰਨਾਂ ਪਾਰਟੀਆਂ 'ਚ ਸ਼ਾਮਲ ਹੋਣ ਕਾਰਨ 'ਆਪ' ਕੋਲ ਲੋੜੀਂਦੀ ਗਿਣਤੀ ਨਹੀਂ ਰਹੀ |
ਕਾਂਗਰਸ ਦਾ ਸਮਰਥਨ ਨਾ ਮਿਲਣ ਨਾਲ ਵੀ 'ਆਪ' ਦੀ ਸਥਿਤੀ ਹੋਰ ਕਮਜ਼ੋਰ ਹੋ ਗਈ | ਗੱਠਜੋੜ ਟੁੱਟਣ ਮਗਰੋਂ ਪਾਰਟੀ ਡਿਪਟੀ ਮੇਅਰ ਅਹੁਦੇ ਲਈ ਵੀ ਲੋੜੀਂਦਾ ਅੰਕੜਾ ਇਕੱਠਾ ਕਰਨ 'ਚ ਅਸਫ਼ਲ ਰਹੀ |
ਨਵੀਂ ਜ਼ਿੰਮੇਵਾਰੀ, ਵਿਕਾਸ 'ਤੇ ਰਹੇਗਾ ਧਿਆਨ ਮੇਅਰ ਸੌਰਭ ਜੋਸ਼ੀ
ਮੇਅਰ ਬਣਨ ਮਗਰੋਂ ਸੌਰਭ ਜੋਸ਼ੀ ਨੇ ਕਿਹਾ ਕਿ ਉਹ ਚੰਡੀਗੜ੍ਹ ਦੇ ਵਿਕਾਸ, ਸਫ਼ਾਈ, ਬੁਨਿਆਦੀ ਸੁਵਿਧਾਵਾਂ ਅਤੇ ਪਾਰਦਰਸ਼ੀ ਪ੍ਰਸ਼ਾਸਨ ਨੂੰ ਪਹਿਲ ਦੇਣਗੇ | ਉਨ੍ਹਾਂ ਸਾਰੇ ਕੌਂਸਲਰਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਹਿੱਤ 'ਚ ਕੰਮ ਕਰਨ ਦਾ ਭਰੋਸਾ ਵੀ ਦਿੱਤਾ |
ਭਾਜਪਾ ਕੈਂਪ 'ਚ ਖ਼ੁਸ਼ੀ ਦੀ ਲਹਿਰ- ਮੇਅਰ ਚੋਣ 'ਚ ਜਿੱਤ ਹਾਸਲ ਹੋਣ ਤੋਂ ਬਾਅਦ ਭਾਜਪਾ ਕੈਂਪ 'ਚ ਜਸ਼ਨ ਦਾ ਮਾਹੌਲ ਰਿਹਾ | ਪਾਰਟੀ ਆਗੂਆਂ ਨੇ ਇਸ ਜਿੱਤ ਨੂੰ ਚੰਡੀਗੜ੍ਹ ਦੀ ਜਨਤਾ ਵਲੋਂ ਭਾਜਪਾ ਦੀਆਂ ਨੀਤੀਆਂ ਅਤੇ ਨਗਰ ਨਿਗਮ ਵਿਚ ਕੀਤੇ ਕੰਮਾਂ 'ਤੇ ਭਰੋਸੇ ਦੀ ਮੋਹਰ ਕਰਾਰ ਦਿੱਤਾ | ਨਵੇਂ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਟ੍ਰੈਫ਼ਿਕ ਸੁਧਾਰ ਅਤੇ ਨਾਗਰਿਕ ਸੁਵਿਧਾਵਾਂ ਉਨ੍ਹਾਂ ਦੀ ਪਹਿਲੀ ਤਰਜੀਹ ਰਹਿਣਗੀਆਂ | ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਰਾਜਨੀਤਿਕ ਟਕਰਾਅ ਦੀ ਥਾਂ ਲੋਕ ਸੇਵਾ ਦਾ ਮੰਚ ਬਣਾਇਆ ਜਾਵੇਗਾ ਅਤੇ ਸਾਰੇ ਪਾਰਟੀਆਂ ਦੇ ਚੁਣੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਕੰਮ ਕੀਤਾ ਜਾਵੇਗਾ |
ਨਤੀਜਿਆਂ ਮਗਰੋਂ ਆਪਕਾਂਗਰਸ 'ਚ ਤਿੱਖੀ ਨੋਕ-ਝੋਕ
ਚੋਣ ਨਤੀਜਿਆਂ ਦੇ ਤੁਰੰਤ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਤੇ ਚੰਡੀਗੜ੍ਹ ਦੇ ਇੰਚਾਰਜ ਜਰਨੈਲ ਸਿੰਘ ਨੇ ਕਾਂਗਰਸ 'ਤੇ ਭਾਜਪਾ ਨਾਲ ਮਿਲੀਭੁਗਤ ਕਰਨ ਦੇ ਗੰਭੀਰ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਇਕ ਵਾਰ ਮੁੜ ਤੋਂ ਭਾਜਪਾ ਨੂੰ ਫ਼ਾਇਦਾ ਪਹੁੰਚਾ ਕੇ ਚੰਡੀਗੜ੍ਹ ਦੀ ਜਨਤਾ ਨਾਲ ਧੋਖਾ ਕੀਤਾ ਹੈ | ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਵਿਰੋਧੀ ਧਿਰਾਂ ਸੱਚਮੁੱਚ ਇਕੱਠੀਆਂ ਹੁੰਦੀਆਂ ਤਾਂ ਨਤੀਜੇ ਵੱਖਰੇ ਹੋ ਸਕਦੇ ਸਨ |
ਕਾਂਗਰਸ ਦਾ ਤਿੱਖਾ ਜਵਾਬ- ਉੱਧਰ ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਹਰਮੋਹਿੰਦਰ ਸਿੰਘ 'ਲੱਕੀ' ਨੇ ਜਰਨੈਲ ਸਿੰਘ ਵਲੋਂ ਕੀਤੀ ਟਿੱਪਣੀ 'ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੱਠਜੋੜ ਨਾ ਹੋਣ ਦੀ ਪੂਰੀ ਜ਼ਿੰਮੇਵਾਰੀ 'ਆਪ' 'ਤੇ ਹੀ ਆਉਂਦੀ ਹੈ | ਉਨ੍ਹਾਂ 6 ਜਨਵਰੀ 2026 ਨੂੰ ਜਰਨੈਲ ਸਿੰਘ ਵਲੋਂ ਦਿੱਤੇ ਗਏ ਪੁਰਾਣੇ ਬਿਆਨਾਂ ਦੇ ਸਕ੍ਰੀਨਸ਼ਾਟ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਹੋਏ ਕਿਹਾ ਕਿ 'ਆਪ' ਆਗੂਆਂ ਦੀ ਅਪਮਾਨਜਨਕ ਭਾਸ਼ਾ ਅਤੇ ਅਹੰਕਾਰ ਕਾਰਨ ਹੀ ਵਿਰੋਧੀ ਏਕਤਾ ਸੰਭਵ ਨਹੀਂ ਹੋ ਸਕੀ |
ਇਹ ਨਤੀਜੇ ਸਿਰਫ਼ ਮੇਅਰ ਚੋਣ ਤੱਕ ਸੀਮਿਤ ਨਹੀਂ ਮੰਨੇ ਜਾ ਰਹੇ | ਇਸ ਦਾ ਅਸਰ ਨਵੰਬਰ ਤੱਕ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਨਾਲਨਾਲ ਪੰਜਾਬ ਤੇ ਚੰਡੀਗੜ੍ਹ ਦੀ ਸਿਆਸਤ 'ਤੇ ਵੀ ਪੈ ਸਕਦਾ ਹੈ | ਭਾਜਪਾ ਲਈ ਇਹ ਜਿੱਤ ਮਨੋਬਲ ਵਧਾਉਣ ਵਾਲੀ ਹੈ, ਜਦਕਿ ਵਿਰੋਧੀ ਧਿਰ ਲਈ ਇਹ ਨਤੀਜੇ ਇਕ ਸਪੱਸ਼ਟ ਚਿਤਾਵਨੀ ਵਜੋਂ ਦੇਖੇ ਜਾ ਰਹੇ ਹਨ |