16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਚੰਡੀਗੜ੍ਹ ਨੂੰ ਅਗਲਾ ਮੇਅਰ ਕੌਣ ਮਿਲੇਗਾ, ਫ਼ੈਸਲਾ ਅੱਜ <br/>

ਅਜੀਤ ਡੈਸਕ 29-01-2026
ਚੰਡੀਗੜ੍ਹ, 28 ਜਨਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦਾ ਅਗਲਾ ਮੇਅਰ ਕੌਣ ਹੋਵੇਗਾ, ਇਸ ਬਾਰੇ ਤਸਵੀਰ ਵੀਰਵਾਰ ਨੂੰ ਸਾਫ਼ ਹੋ ਜਾਵੇਗੀ | ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ 'ਚ ਇਸ ਵਾਰ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਤਿਕੋਣਾ ਮੁਕਾਬਲਾ ਬਣਿਆ ਹੋਇਆ ਹੈ | ਸਾਲ 2022 'ਚ ਨਗਰ ਨਿਗਮ ਦੀ ਬਣਤਰ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਤਿੰਨੇ ਪ੍ਰਮੁੱਖ ਸਿਆਸੀ ਪਾਰਟੀਆਂ ਅਲੱਗ-ਅਲੱਗ ਉਮੀਦਵਾਰਾਂ ਨਾਲ ਮੈਦਾਨ ਵਿਚ ਹਨ | ਗਠਜੋੜ ਦੀਆਂ ਸਾਰੀਆਂ ਅਟਕਲਾਂ 'ਤੇ ਵਿਰਾਮ ਲਗਾਉਂਦੇ ਹੋਏ ਕਾਂਗਰਸ ਵਲੋਂ ਗੁਰਪ੍ਰੀਤ ਸਿੰਘ ਗਾਬੀ, ਆਮ ਆਦਮੀ ਪਾਰਟੀ ਵਲੋਂ ਯੋਗੇਸ਼ ਢੀਂਗਰਾ ਅਤੇ ਭਾਜਪਾ ਵਲੋਂ ਸੌਰਭ ਜੋਸ਼ੀ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਤਿੰਨੋਂ ਪਾਰਟੀਆਂ ਆਪੋ ਆਪਣੀ ਰਣਨੀਤੀ ਅਨੁਸਾਰ ਜਿੱਤ ਦਾ ਦਾਅਵਾ ਕਰ ਰਹੀਆਂ ਹਨ |
ਡਿਪਟੀ ਮੇਅਰ ਪਦ 'ਤੇ ਚਾਰ-ਕੋਣੀ ਮੁਕਾਬਲਾ
ਡਿਪਟੀ ਮੇਅਰ ਅਹੱੁਦੇ ਲਈ ਚੋਣੀ ਮਾਹੌਲ ਉਸ ਵੇਲੇ ਹੋਰ ਦਿਲਚਸਪ ਹੋ ਗਿਆ, ਜਦੋਂ ਉਮੀਦਵਾਰ ਨਾ ਬਣਾਏ ਜਾਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਮਚੰਦਰ ਯਾਦਵ ਨੇ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰ ਦਿੱਤੇ | ਇਸ ਨਾਲ ਡਿਪਟੀ ਮੇਅਰ ਅਹੁਦੇ ਲਈ ਚਾਰ ਉਮੀਦਵਾਰ ਮੈਦਾਨ ਵਿਚ ਆ ਗਏ ਹਨ, ਜਿਨ੍ਹਾਂ 'ਚ ਕਾਂਗਰਸ ਤੋਂ ਬਿਮਲਾ ਦੇਵੀ, ਆਪ ਤੋਂ ਜਸਵਿੰਦਰ ਕੌਰ ਅਤੇ ਭਾਜਪਾ ਤੋਂ ਸੁਮਨ ਸ਼ਰਮਾ ਆਪਣੀ ਕਿਸਮਤ ਅਜ਼ਮਾ ਰਹੇ ਹਨ |
ਉੱਧਰ ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਨੇ ਜਸਮਨਪ੍ਰੀਤ ਸਿੰਘ, 'ਆਪ' ਨੇ ਮੁਨਵਰ ਅਤੇ ਕਾਂਗਰਸ ਨੇ ਸਚਿਨ ਗਾਲਵ ਨੂੰ ਉਮੀਦਵਾਰ ਐਲਾਨਿਆ ਹੈ |
ਸਵੇਰੇ 11 ਵਜੇ ਸਭ ਤੋਂ ਪਹਿਲਾਂ ਮੇਅਰ ਦੀ ਚੋਣ ਕਰਵਾਈ ਜਾਵੇਗੀ | ਇਸ ਤੋਂ ਪਹਿਲਾਂ ਨਾਮਜ਼ਦਗੀਆਂ ਵਾਪਸ ਲੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ | ਜੇਕਰ ਕੋਈ ਵੀ ਉਮੀਦਵਾਰ ਨਾਮਜ਼ਦਗੀ ਵਾਪਸ ਨਹੀਂ ਲੈਂਦਾ ਤਾਂ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਲਈ ਤਿਕੋਣੀ, ਜਦਕਿ ਡਿਪਟੀ ਮੇਅਰ ਲਈ ਚਾਰ-ਕੋਣੀ ਮੁਕਾਬਲਾ ਹੋਵੇਗਾ |
ਹੱਥ ਖੜੇ ਕਰਕੇ ਹੋਵੇਗੀ ਵੋਟਿੰਗ
ਇਸ ਵਾਰ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੱਥ ਖੜੇ ਕਰਕੇ ਕੀਤੀ ਜਾਵੇਗੀ | ਪਿਛਲੇ ਸਾਲਾਂ ਤੱਕ ਬੈਲਟ ਪੇਪਰ ਰਾਹੀਂ ਵੋਟਿੰਗ ਹੁੰਦੀ ਰਹੀ ਹੈ, ਪਰ 2024 ਦੇ ਮੇਅਰ ਚੋਣ ਦੌਰਾਨ ਵੋਟਿੰਗ ਵਿਚ ਕਥਿਤ ਗੜਬੜੀ ਦੇ ਚਲਦਿਆਂ ਨਿਗਮ ਪ੍ਰਸ਼ਾਸਨ ਵਲੋਂ ਪਾਰਦਰਸ਼ਤਾ ਨੂੰ ਧਿਆਨ ਵਿਚ ਰੱਖਦੇ ਹੋਏ ਖੁੱਲ੍ਹੀ ਵੋਟਿੰਗ ਦਾ ਫ਼ੈਸਲਾ ਕੀਤਾ ਗਿਆ ਹੈ |
ਸਿਆਸੀ ਮਾਹਿਰਾਂ ਮੁਤਾਬਕ ਚੋਣ ਤੋਂ ਪਹਿਲਾਂ ਗੁਪਤ ਸਹਿਯੋਗ ਦੀਆਂ ਅਟਕਲਾਂ ਵੀ ਜ਼ੋਰ ਫੜ ਰਹੀਆਂ ਹਨ | ਡਿਪਟੀ ਮੇਅਰ ਅਹੁਦੇ ਲਈ ਆਜ਼ਾਦ ਉਮੀਦਵਾਰ ਰਾਮਚੰਦਰ ਯਾਦਵ ਦੇ ਨਾਮਜ਼ਦਗੀ ਪੱਤਰ 'ਤੇ ਕਾਂਗਰਸੀ ਕੌਂਸਲਰਾਂ ਦੇ ਪ੍ਰਪੋਜ਼ਰ ਬਣਨ ਨਾਲ ਸਿਆਸੀ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ | ਜੇਕਰ ਕਿਸੇ ਪੱਖ ਵਲੋਂ ਅਚਾਨਕ ਸਮਰਥਨ ਮਿਲਦਾ ਹੈ ਤਾਂ ਮੁਕਾਬਲਾ ਬਰਾਬਰੀ 'ਤੇ ਪਹੁੰਚ ਸਕਦਾ ਹੈ, ਜਿਸ ਸਥਿਤੀ ਵਿਚ ਫ਼ੈਸਲਾ ਪਰਚੀ ਰਾਹੀਂ ਹੋਵੇਗਾ | ਗੰਢ ਟੁੱਪ ਦੀ ਸੰਭਾਵਨਾ ਦੇ ਮੱਦੇਨਜ਼ਰ ਭਾਜਪਾ ਤੇ 'ਆਪ' ਵਲੋਂ ਆਪਣੇ ਕੌਂਸਲਰਾਂ ਨੂੰ ਇਕੱਠਾ ਰੱਖਣ ਲਈ ਖਾਸ ਇੰਤਜ਼ਾਮ ਕੀਤੇ ਗਏ ਹਨ | ਚੋਣ ਤੋਂ ਇਕ ਦਿਨ ਪਹਿਲਾਂ ਰਣਨੀਤਿਕ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ, ਜਿਸ ਦੇ ਚੱਲਦਿਆਂ ਹੁਣ ਸਾਰਿਆਂ ਦੀਆਂ ਨਿਗਾਹਾਂ ਆਉਣ ਵਾਲੇ ਨਤੀਜਿਆਂ 'ਤੇ ਟਿਕੀਆਂ ਹੋਈਆਂ ਹਨ |

ਪਿਛਲੀ ਖ਼ਬਰ ਸਕੂਲਾਂ 'ਚ ਬੰਬ ਦੀ ਈਮੇਲ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ ਸੁਰੱਖਿਆ ਮੁਹਿੰਮ ਕੀਤੀ ਤੇਜ਼ <br/> ਅਗਲੀ ਖ਼ਬਰ ਕਾਂਗਰਸ ਮਨਰੇਗਾ ਸੈੱਲ ਦੇ ਚੇਅਰਮੈਨ ਭੀਮ ਸਿੰਘ ਕੋਟਲੀ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਿਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।