ਡੇਰਾਬੱਸੀ, 20 ਜਨਵਰੀ (ਗੁਰਮੀਤ ਸਿੰਘ)-ਸਰਕਾਰੀ ਦਫ਼ਤਰਾਂ 'ਚ ਬੈਠੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸੜਕਾਂ ਦੀ ਖ਼ਰਾਬ ਹਾਲਤ ਅਤੇ ਉੱਡਦੀ ਧੂੜ-ਮਿੱਟੀ ਨੇ ਲੋਕਾਂ ਦਾ ਜੀਵਨ ਮੁਹਾਲ ਬਣਾ ਦਿੱਤਾ ਹੈ | ਇਸ ਨੂੰ ਲੈ ਕੇ ਖੇਤਰ ਦੇ ਲੋਕਾਂ 'ਚ ਭਾਰੀ ਰੋਸ ਪਾਇਆ ਜਾਂ ਰਿਹਾ ਹੈ | ਨਗਰ ਕੌਂਸਲ ਦਫ਼ਤਰ ਤੋਂ ਕੁਝ ਕਦਮਾਂ ਤੋਂ ਦੂਰ ਚੰਡੀਗੜ੍ਹ-ਅੰਬਾਲਾ ਮੁੱਖ ਸੜਕ 'ਤੇ ਸੀਵਰੇਜ ਲਾਈਨ ਪਾਉਣ ਲਈ ਖੁਦਾਈ ਕਰਕੇ ਮਿੱਟੀ ਦਾ ਵੱਡਾ ਢੇਰ ਛੱਡ ਦਿੱਤਾ ਗਿਆ ਹੈ, ਜਿੱਥੇ ਵਾਹਨਾਂ ਦੀ ਆਵਾਜਾਈ ਨਾਲ ਸਾਰਾ ਦਿਨ ਧੂੜ ਉੱਡਦੀ ਰਹਿੰਦੀ ਹੈ, ਜਿਸ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਦੂਜੇ ਪਾਸੇ ਮੁਬਾਰਕਪੁਰ ਤੋਂ ਰਾਮਗੜ੍ਹ ਜਾਂਦੀ ਸੜਕ ਦੀ ਹਾਲਤ ਇਸ ਤੋਂ ਵੀ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਹੈ | ਇਸ ਸੰਬੰਧੀ ਲੋਕਾਂ ਨੇ ਦੱਸਿਆ ਕਿ ਸੜਕ ਦੀ ਉਸਾਰੀ ਦਾ ਕੰਮ ਕਛੂ ਚਾਲ ਤੋਂ ਵੀ ਹੌਲੀ ਚੱਲ ਰਿਹਾ ਹੈ | ਇੱਥੇ ਠੇਕੇਦਾਰ ਕਈ-ਕਈ ਦਿਨ ਗਾਇਬ ਰਹਿੰਦੇ ਹਨ, ਜਦਕਿ ਅਧਿਕਾਰੀ ਦਾਅਵਾ ਕਰਦੇ ਹਨ ਕਿ ਧੂੜ ਰੋਕਣ ਲਈ ਪਾਣੀ ਛਿੜਕਿਆ ਜਾਂਦਾ ਹੈ, ਪਰ ਜ਼ਮੀਨੀ ਹਕੀਕਤ 'ਚ ਨਾ ਤਾਂ ਸੜਕ 'ਤੇ ਪਾਣੀ ਦਾ ਕੋਈ ਨਿਸ਼ਾਨ ਹੈ ਤੇ ਨਾ ਹੀ ਕੋਈ ਸੁਧਾਰ ਹੈ | ਇਥੇ ਵਾਹਨਾਂ ਦੀ ਆਵਾਜਾਈ ਕਾਰਨ ਉੱਡਦੀ ਮਿੱਟੀ 'ਚ ਕੁਝ ਵੀ ਵਿਖਾਈ ਨਹੀਂ ਦਿੰਦਾ, ਜਿਸ ਕਾਰਨ ਪੈਦਲ ਚੱਲਣ ਵਾਲਿਆਂ ਤੇ ਦੋ-ਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ | ਇਥੇ ਸੜਕ ਕੰਢੇ ਸਥਿਤ ਦੁਕਾਨਾਂ ਅਤੇ ਘਰਾਂ 'ਚ ਰਹਿਣ ਵਾਲੇ ਲੋਕ ਵੀ ਮਿੱਟੀ ਕਰਕੇ ਪ੍ਰਭਾਵਿਤ ਹਨ, ਕਿਉਂਕਿ ਇਥੇ ਉੱਡਦੀ ਧੂੜ-ਮਿੱਟੀ ਕਾਰਨ ਉਨ੍ਹਾਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ | ਇਥੇ ਸਾਰਾ ਦਿਨ ਓਵਰਲੋਡ ਟਿੱਪਰਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ | ਇਸ ਸੰਬੰਧਿਤ ਵਿਭਾਗ ਅਤੇ ਡੇਰਾਬੱਸੀ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਲੋਕਾਂ ਨੇ ਉੱਚ ਅਧਿਕਾਰੀਆਂ ਤੋਂ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਗੁਹਾਰ ਲਗਾਈ ਹੈ |