ਰੇਤ ਕਾਰੋਬਾਰੀ ‘ ਤੇ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਵਿਚ ਕਾਰੋਬਾਰੀ ਅਤੇ ਉਸਦੀ ਰਿਸ਼ਤੇਦਾਰ ਜ਼ਖ਼ਮੀ
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਐਲਡੀਕੋ ਪੁਲਿਸ ਚੌਂਕੀ ਨੇੜੇ ਅੱਜ ਤੜਕੇ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਵਿਚ ਰੇਤ ਕਾਰੋਬਾਰੀ ਅਤੇ ਉਸ ਦੀ ਭਰਜਾਈ ਗੰਭੀਰ ਜ਼ਖਮੀ ਹੋ ਗਈਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਤੜਕੇ ਢਾਈ ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਜਸਪਾਲ ਸਿੰਘ ਆਪਣੀ ਭਰਜਾਈ ਪ੍ਰੀਆ ਅਤੇ ਦੋਸਤ ਆਕਾਸ਼ ਨਾਲ ਐਲਡੀਕੋ ਚੌਂਕੀ ਨੇੜੇ ਕਾਰ ‘ਤੇ ਜਾ ਰਿਹਾ ਸੀ।
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜਲੰਧਰ ਮੁੱਖ ਸੜਕ ‘ਤੇ ਐਲਡੀਕੋ ਪੁਲਿਸ ਚੌਂਕੀ ਨੇੜੇ ਅੱਜ ਤੜਕੇ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਵਿਚ ਰੇਤ ਕਾਰੋਬਾਰੀ ਅਤੇ ਉਸ ਦੀ ਭਰਜਾਈ ਗੰਭੀਰ ਜ਼ਖਮੀ ਹੋ ਗਈਆ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਘਟਨਾ ਤੜਕੇ ਢਾਈ ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ ਜਸਪਾਲ ਸਿੰਘ ਆਪਣੀ ਭਰਜਾਈ ਪ੍ਰੀਆ ਅਤੇ ਦੋਸਤ ਆਕਾਸ਼ ਨਾਲ ਐਲਡੀਕੋ ਚੌਂਕੀ ਨੇੜੇ ਕਾਰ ‘ਤੇ ਜਾ ਰਿਹਾ ਸੀ। ਇਹ ਸਾਰੇ ਇੱਕ ਪ੍ਰੋਗਰਾਮ ਤੋਂ ਵਾਪਸ ਪਰਤ ਰਹੇ ਸਨ। ਜਸਪਾਲ ਸਿੰਘ ਮੂਲ ਰੂਪ ਵਿਚ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਹ ਪਿੰਡ ਤਲਵੰਡੀ ਵਿਚ ਰਹਿ ਰਿਹਾ ਹੈ, ਜਦੋਂ ਇਨ੍ਹਾਂ ਦੀ ਕਾਰ ਪੁਲਿਸ ਚੌਂਕੀ ਨੇੜੇ ਪਹੁੰਚੀ ਤਾਂ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਵੱਲੋਂ ਕਾਰ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਕਾਰ ਦੇ ਬੋਨਟ ‘ਤੇ ਲੱਗੀ ਅਤੇ ਦੂਜੀ ਗੋਲੀ ਜਸਪਾਲ ਦੇ ਪੇਟ ਦੇ ਨੇੜੇ ਲੱਗੀ ਅਤੇ ਫਿਰ ਪ੍ਰੀਆ ਦੀ ਗਰਦਨ ਦੇ ਨੇੜੇ ਲੱਗੀ। ਜਦਕਿ ਇਸ ਘਟਨਾ ਵਿਚ ਆਕਾਸ਼ ਵਾਲ ਵਾਲ ਬਚ ਗਿਆ। ਗੋਲੀਆਂ ਚਲਾਉਣ ਉਪਰੰਤ ਇਹ ਹਮਲਾਵਰ ਫਰਾਰ ਹੋ ਗਏ। ਹਮਲੇ ਤੋਂ ਬਾਅਦ ਜ਼ਖਮੀਆਂ ਨੂੰ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਡੀਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਨਿੱਜੀ ਰੰਜਿਸ਼ ਸਮੇਤ ਵੱਖ-ਵੱਖ ਥਿਊਰੀਆਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ ਅਤੇ ਉੱਥੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਗਈ ਹੈ ਤਾਂ ਜੋ ਹਮਲਾਵਰਾਂ ਦੀ ਸ਼ਨਾਖਤ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜ਼ਖਮੀਆਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਿਹੜਾ ਵੀ ਦੋਸ਼ੀ ਪਾਇਆ ਗਿਆ। ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।