19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਖਾਧ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ - ਡਾ . ਰਮਨਦੀਪ ਕੌਰ

ਲੁਧਿਆਣਾ, 18 ਅਕਤੂਬਰ (ਡਾ. ਤਰਲੋਚਨ ਸਿੰਘ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੀ ਖਾਧ ਸੁਰੱਖਿਆ ਟੀਮ ਵਲੋਂ ਵੱਡੀ ਕਾਰਵਾਈ ਕੀਤੀ ਗਈ।

ਅਜੀਤ ਡੈਸਕ 19-10-2026
ਲੁਧਿਆਣਾ, 18 ਅਕਤੂਬਰ (ਡਾ. ਤਰਲੋਚਨ ਸਿੰਘ)-ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਦੀ ਖਾਧ ਸੁਰੱਖਿਆ ਟੀਮ ਵਲੋਂ ਵੱਡੀ ਕਾਰਵਾਈ ਕੀਤੀ ਗਈ। ਟੀਮ ਨੇ ਸਬਜ਼ੀ ਮੰਡੀ ਵਿਖੇ ਅਚਨਚੇਤ ਛਾਪੇਮਾਰੀ ਕਰਦਿਆਂ 150 ਕਿੱਲੋ ਪਨੀਰ ਬਰਾਮਦ ਕੀਤਾ। ਇਸ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ’ਤੇ ਅਗਲੀ ਕਾਰਵਾਈ ਕਰਦਿਆਂ ਟੀਮ ਨੇ ਸ਼ਹਿਰ ਵਿਚ ਸਪਲਾਈ ਦੇਣ ਆਏ ਇਕ ਵਿਅਕਤੀ ਕੋਲੋਂ ਹੋਰ 500 ਕਿੱਲੋ ਪਨੀਰ ਬਰਾਮਦ ਕੀਤਾ। ਇਹ ਪਨੀਰ ਕਥਿਤ ਤੌਰ ‘ਤੇ ਹਰਿਆਣਾ ਦੇ ਨਰਵਾਣਾ ਤੋਂ ਲਿਆਂਦਾ ਗਿਆ ਸੀ। ਇਸ ਤਰ੍ਹਾਂ ਕੁੱਲ 650 ਕਿੱਲੋ ਪਨੀਰ ਬਰਾਮਦ ਕੀਤਾ ਗਿਆ। ਦੋਵਾਂ ਖੇਪਾਂ ਵਿਚੋਂ ਜਾਂਚ ਲਈ ਨਮੂਨੇ ਲਏ ਗਏ ਅਤੇ ਬਾਕੀ ਪਨੀਰ ਨੂੰ ਨਿਰਧਾਰਿਤ ਨਿਯਮਾਂ ਅਨੁਸਾਰ ਨਸ਼ਟ ਕਰ ਦਿੱਤਾ ਗਿਆ। ਨਮੂਨਿਆਂ ਦੀ ਲੈਬਾਰਟਰੀ ਰਿਪੋਰਟ ਅਜੇ ਆਉਣੀ ਬਾਕੀ ਹੈ। ਰਿਪੋਰਟ ਦੇ ਨਤੀਜਿਆਂ ਅਤੇ ਲਾਗੂ ਖਾਧ ਸੁਰੱਖਿਆ ਨਿਯਮਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਦੁੱਧ ਤੋਂ ਬਣੇ ਪਦਾਰਥਾਂ ਅਤੇ ਮਠਿਆਈਆਂ ਦੀ ਮੰਗ ਵਧਣ ਕਾਰਨ ਸਿਹਤ ਵਿਭਾਗ ਵਲੋਂ ਖਾਧ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਲਈ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਖਾਧ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਰੋਸੇਯੋਗ ਦੁਕਾਨਾਂ ਤੋਂ ਹੀ ਖਾਧ ਪਦਾਰਥ ਖ਼ਰੀਦਣ ਅਤੇ ਉਨ੍ਹਾਂ ਦੀ ਗੁਣਵੱਤਾ ਪ੍ਰਤੀ ਸੁਚੇਤ ਰਹਿਣ। ਇਹ ਕਾਰਵਾਈ ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਦੀ ਅਗਵਾਈ ਹੇਠ ਕੀਤੀ ਗਈ। ਟੀਮ ਵਲੋਂ ਪਹਿਲਾਂ ਸਬਜ਼ੀ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ ਅਤੇ ਫਿਰ ਮਿਲੀ ਜਾਣਕਾਰੀ ਦੇ ਆਧਾਰ ’ਤੇ ਸ਼ਹਿਰ ਵਿਚ ਸਪਲਾਈ ਦੇਣ ਆਏ ਵਿਅਕਤੀ ਕੋਲੋਂ ਪਨੀਰ ਦੀ ਦੂਜੀ ਖੇਪ ਬਰਾਮਦ ਕੀਤੀ ਗਈ। ਸਿਹਤ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਜਾਂਚ ਅਤੇ ਨਿਗਰਾਨੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਸਿਹਤ ਵਿਭਾਗ ਨੇ ਦੁੱਧ ਉਤਪਾਦਾਂ ਦੇ ਸਪਲਾਇਰਾਂ, ਦੁਕਾਨਦਾਰਾਂ, ਮਠਿਆਈ ਵਿਕ੍ਰੇਤਾਵਾਂ ਅਤੇ ਹੋਰ ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਅਤੇ ਖਾਧ ਸੁਰੱਖਿਆ ਦੇ ਨਿਰਧਾਰਿਤ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ। ਇਸ ਦੇ ਨਾਲ ਹੀ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ ਨੂੰ ਕਿਸੇ ਖਾਧ ਪਦਾਰਥ ਵਿਚ ਮਿਲਾਵਟ ਜਾਂ ਗੁਣਵੱਤਾ ਸਬੰਧੀ ਸ਼ੱਕ ਹੋਵੇ ਤਾਂ ਉਹ ਸਬੰਧਿਤ ਅਧਿਕਾਰੀਆਂ ਨੂੰ ਸੂਚਿਤ ਕਰਨ।
ਪਿਛਲੀ ਖ਼ਬਰ ਭਾਵਾਧਸ ਵਲੋਂ 24 ਨੂੰ ਕੱਢੀ ਜਾਵੇਗੀ 16ਵੀਂ ਬ੍ਰਹਮ ਜੋਤੀ ਯਾਤਰਾ-ਅਸ਼ਵਨੀ ਸਹੋਤਾ ਅਗਲੀ ਖ਼ਬਰ ਪਰਗਟ ਸਿੰਘ ਤੇ ਪਾਇਲਟ ਦਾ ਚੀਮਾ ਨੇ ਕੀਤਾ ਸਵਾਗਤ ਆਉਂਦੀਆਂ 2027 ਦੀਆਂ ਚੋਣਾਂ ਨੂੰ ਲੈ ਕੇ ਜ਼ਮੀਨੀ ਹਕੀਕਤ ਬਾਰੇ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।