ਚੋਰੀਸ਼ੁਦਾ ਮੋਟਰਸਾਈਕਲ ਅਤੇ ਐਲ.ਸੀ.ਡੀ. ਸਮੇਤ ਗਿ੍ਫ਼ਤਾਰ <br/>
ਅਜੀਤ ਡੈਸਕ
15-04-2026
ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰਦਾ ਕਾਬੂ
ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਕਰਦੇ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਰਵਾਨਾ ਹੋਏ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਵਿਅਕਤੀ ਆਪਣੇ ਸਾਥੀਆਂ ਨਾਲ ਮਿਲ ਕੇ ਬਿਜਲੀ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਕਰਕੇ ਅੱਗੇ ਵੇਚਦਾ ਹੈ ਤੇ ਇਸ ਕੰਮ ਲਈ ਮਹਿੰਦਰਾ ਪਿਕਅਪ ਗੱਡੀ ਵਰਤਦਾ ਹੈ, ਜਿਸ ਨੰੂ ਕਾਬੂ ਕਰਕੇ ਉਸਦੇ ਕਬਜ਼ੇ ਵਿਚੋਂ 35 ਲੀਟਰ ਟਰਾਂਸਫ਼ਾਰਮਰਾਂ ਦਾ ਤੇਲ ਅਤੇ ਗੱਡੀ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਪਿ੍ਥਵੀ ਸਿੰਘ ਵਜੋਂ ਹੋਈ ਹੈ |
ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ
ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮੁਹੰਮਦ ਆਕੀਬ ਨੇ ਦੱਸਿਆ ਕਿ ਉਸਨੇ ਆਪਣਾ ਮੋਟਰਸਾਈਕਲ ਰੱਖ ਬਾਗ਼ ਦੇ ਪਿਛਲੇ ਪਾਸੇ ਸੇਵਾ ਕੇਂਦਰ ਕੋਲ ਤਾਲਾ ਲਗਾ ਕੇ ਖੜ੍ਹਾ ਕੀਤਾ ਸੀ, ਜਿਸ ਨੰੂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ | ਜਾਂਚ ਅਧਿਕਾਰੀ ਹੌਲਦਾਰ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੀ ਹੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਵਾਸੂ ਨੇ ਦੱਸਿਆ ਕਿ ਉਸਨੇ ਆਪਣਾ ਮੋਟਰਸਾਈਕਲ ਜੈਨ ਜਿਊਲਰ ਰਾਣੀ ਝਾਂਸੀ ਰੋਡ ਸਿਵਲ ਲਾਈਨ ਵਿਖੇ ਦੁਕਾਨ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜੋ ਚੋਰੀ ਹੋ ਗਿਆ | ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਘਰ 'ਚ ਦਾਖ਼ਲ ਹੋ ਕੇ ਵਿਅਕਤੀ ਨਾਲ ਕੁੱਟਮਾਰ
ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੁਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਵਿਚ ਮੌਜੂਦ ਸਨ ਤਾਂ 7-8 ਅਣਪਛਾਤੇ ਵਿਅਕਤੀ ਘਰ ਦਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਗਾਲ਼ੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਮੈਨੂੰ ਮਕਾਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਨਿਗਮ ਦੇ ਓ. ਐਂਡ ਐਮ. ਸੈੱਲ ਦੇ ਸਟੋਰ 'ਚ ਹੋਈ ਚੋਰੀ ਦੇ ਮਾਮਲੇ 'ਚ ਕੇਸ ਦਰਜ
ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਕਾਰਪੋਰੇਸ਼ਨ ਇੰਜੀਨੀਅਰ-ਲੁਧਿਆਣਾ ਅਰਬਨ ਵਾਟਰ ਐਂਡ ਵੇਸਟਵਾਟਰ ਮੈਨੇਜਮੈਂਟ ਲਿਮਟਿਡ, ਸਬ ਜ਼ੋਨ-ਬੀ 3 ਦੀ ਸ਼ਿਕਾਇਤ 'ਤੇ ਨਿਗਮ ਦੇ ਓ.ਐਂਡ.ਐਮ. ਸੈੱਲ ਦੇ ਸਟੋਰ 'ਚ ਹੋਈ ਚੋਰੀ ਦੇ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਜਾਂਚ ਅਧਿਕਾਰੀ ਮਹਿਲਾ ਥਾਣੇਦਾਰ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |