ਫੁੱਲਾਂਵਾਲ, 14 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਜਿਸ ਦੌਰਾਨ ਰੰਗ ਬਿਰੰਗੇ ਕੱਪੜਿਆਂ ਵਿਚ ਸਜੇ ਨੰਨੇ ਮੁੰਨੇ ਬੱਚੇ ਬਹੁਤ ਹੀ ਸੁੰਦਰ ਅਤੇ ਮਨਮੋਹਕ ਲੱਗ ਰਹੇ ਸਨ | ਪ੍ਰਾਇਮਰੀ ਵਿੰਗ ਵਿਚ ਕਰਵਾਏ ਗਏ ਰੰਗਾਂ ਰੰਗ ਸਭਿਆਚਾਰਕ ਪ੍ਰੋਗਰਾਮ ਵਿਚ ਸਾਰੇ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਗਿੱਧਾ, ਭੰਗੜਾ, ਕਵਿਤਾਵਾਂ ਨਾਟਕ ਅਤੇ ਸੋਲੋ ਡਾਂਸ ਦੇ ਮੁਕਾਬਲੇ ਕਰਵਾਏ ਗਏ | ਵਿਦਿਆਰਥੀਆਂ ਨੂੰ ਖੇਤਾਂ ਵਿਚ ਲਿਜਾਇਆ ਗਿਆ ਤੇ ਕਣਕ ਦੀ ਕਟਾਈ ਬਾਰੇ ਜਾਣਕਾਰੀ ਦਿੱਤੀ ਗਈ | ਸਕੂਲ ਦੀ ਪਿ੍ੰਸੀਪਲ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਵਿਸਾਖੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ, ਇਸੇ ਦਿਨ ਸਾਲ 1699 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਅੰਤ ਵਿਚ ਸਕੂਲ ਦੇ ਡਾਇਰੈਕਟਰ ਨਵਜੋਤ ਸਿੰਘ ਮੱਕੜ ਅਤੇ ਪਿ੍ੰਸੀਪਲ ਰੁਪਿੰਦਰ ਕੌਰ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ |