ਇਆਲੀ/ਥਰੀਕੇ, 1 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸੂਬੇ ਭਰ ਵਿਚ ਕੀਤੀਆਂ ਜਾ ਰਹੀਆਂ ਪੰਜਾਬ ਬਚਾਓ ਰੈਲੀਆਂ ਵਿਚ ਉਭਰ ਰਿਹਾ ਇਕੱਠਾ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਨੇ ਸੂਬੇ ਅੰਦਰ 2027 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ | ਸੂਬੇ ਦੇ ਲੋਕ 2022 ਦੀਆਂ ਲੰਘੀਆਂ ਵਿਧਾਨ ਸਭਾ ਚੋਣਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਮਨੋਂ ਪਛਤਾ ਰਹੇ ਹਨ ਕਿ ਉਨ੍ਹਾਂ ਨੇ 92 ਸੀਟਾਂ ਜਿੱਤਾ ਕੇ ਇਸ ਪਾਰਟੀ ਨੂੰ ਵੱਡਾ ਮੌਕਾ ਦਿੱਤਾ ਸੀ, ਪਰ ਇਹ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਅੱਜ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਅਤੇ ਡਿਵੈਲਪਮੈਂਟ ਪੱਖੋਂ ਹਾਲਾਤ ਬਹੁਤ ਮਾੜੇ ਹਨ | ਲੋਕ ਇੱਥੇ ਰਹਿਣਾ ਪਸੰਦ ਨਹੀਂ ਕਰ ਰਹੇ, ਇੰਡਸਟਰੀਲਿਸਟ ਬਾਹਰ ਭੱਜ ਰਿਹਾ ਹੈ ਅਤੇ ਹਾਲਾਤ ਕਾਬੂ ਤੋਂ ਬਾਹਰ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਐਸ ਸੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੇ ਆਪਣੀ ਸਰਦਾਰੀ ਲਾਲ ਕਪੂਰ ਮਾਰਗ ਸਥਿਤ ਪ੍ਰੋਫੈਸਰ ਕਾਲੋਨੀ ਰਿਹਾਇਸ਼ 'ਤੇ ਐਸ.ਸੀ. ਵਿੰਗ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਲੀਲ ਨਾਲ ਆਏ ਉਨ੍ਹਾਂ ਦੇ ਸਾਥੀਆਂ ਸੰਦੀਪ ਸਿੰਘ ਖੋਸਾ, ਸਾਬਕਾ ਤਹਿਸੀਲਦਾਰ ਸੁਰਿੰਦਰ ਸਿੰਘ, ਕਰਨਵੀਰ ਸਿੰਘ, ਮਨਮੋਹਨ ਸਿੰਘ ਮੋਹਣੀ, ਜਸਵਿੰਦਰ ਸਿੰਘ ਖੱਟੜ, ਜਗਦੀਸ਼ ਸਿੰਘ ਬਿੱਟੂ, ਰਤਨ ਚੋਪੜਾ, ਭੁਪਿੰਦਰ ਸਿੰਘ ਕਾਕਾ, ਅਮਨਦੀਪ ਸਿੰਘ ਸੱਪਲ ਨਾਲ ਪਾਰਟੀ ਵਲੋਂ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਲੀਕਣ ਬਾਰੇ ਵਿਚਾਰ ਵਟਾਂਦਰਾ ਕਰਨ ਦੌਰਾਨ ਕੀਤਾ | ਉਨ੍ਹਾਂ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿਚ ਅਮਨ ਸ਼ਾਂਤੀ ਬਹਾਲ ਕਰਨ ਅਤੇ ਸਰਵਪੱਖੀ ਵਿਕਾਸ ਲਈ ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਇਕ ਝੰਡੇ ਹੇਠ ਲਾਮਬੰਦ ਹੋਈਏ |