ਡਾਬਾ/ਲੁਹਾਰਾ, 1 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ 5ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕੀਤੀ | ਸਕੂਲ ਦੀ ਵਿਦਿਆਰਥਣ ਕਰਮਨਜੋਤ ਕੌਰ ਨੇ (500/500) 100 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ | ਰਵੀ ਕੁਮਾਰ ਪਾਂਡੇ ਅਤੇ ਜਸਨੀਤ ਕੌਰ ਨੇ (499/500) 99.8 ਫ਼ੀਸਦੀ ਅੰਕਾਂ ਨਾਲ ਦੂਸਰੀ ਪੁਜ਼ੀਸ਼ਨ ਅਤੇ ਗੁਰਨੂਰ ਸਿੰਘ ਨੇ (498/500) 99.6 ਫ਼ੀਸਦੀ ਅੰਕਾਂ ਨਾਲ ਤੀਸਰੀ ਪੁਜ਼ੀਸ਼ਨ ਹਾਸਿਲ ਕੀਤੀ | 25 ਵਿਦਿਆਰਥੀ ਨੇ 95 ਫ਼ੀਸਦੀ ਤੋਂ ਵੱਧ ਅੰਕ, 17 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ, 9 ਵਿਦਿਆਰਥੀਆਂ ਨੇ 85 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਪ੍ਰਕਾਰ ਸਮੂਹ 5ਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਵਲੋਂ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ | 5ਵੀਂ ਜਮਾਤ ਦੇ ਇੰਚਾਰਜ ਅਧਿਆਪਕਾਂ ਵਲੋਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਅਧਿਆਪਕਾਂ ਵਲੋਂ ਵਿਦਿਆਰਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਸਾਰੇ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਨਾਲ ਹੀ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧਣ ਅਤੇ ਚੰਗੇ ਮੁਕਾਮ ਹਾਸਿਲ ਕਰਕੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਦਾ ਆਸ਼ੀਰਵਾਦ ਵੀ ਦਿੱਤਾ |