ਲੁਧਿਆਣਾ, 29 ਜਨਵਰੀ (ਡਾ. ਤਰਲੋਚਨ ਸਿੰਘ)-ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ ਉਪਰ ਪੰਜਾਬ ਭਰ ਦੇ ਕਰਮਚਾਰੀਆਂ ਵਲੋਂ ਅੱਜ ਆਪਣੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਅਤੇ ਮੰਗਾਂ ਨਾ ਮੰਨਣ ਦੇ ਵਿਰੋਧ ਵਿਚ ਦੋ ਘੰਟਿਆਂ ਦੀ ਕਲਮ ਛੋੜ ਹੜਤਾਲ ਕੀਤੀ ਗਈ | ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਜਸਮੇਲ ਸਿੰਘ ਦਿਉਲ ਨੇ ਦੱਸਿਆ ਕਿ ਦੋ ਘੰਟਿਆਂ ਦੀ ਕਲਮ ਛੋੜ ਹੜਤਾਲ ਦੇ ਸਮਾਪਤ ਹੋਣ ਉਪਰੰਤ ਹੈੱਡਕੁਆਟਰ ਚੰਡੀਗੜ੍ਹ ਵਲੋਂ ਆਪਣੀਆਂ ਜਾਇਜ਼ ਮੰਗਾਂ ਸੰਬੰਧੀ ਇਕ ਮੰਗ ਪੱਤਰ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਨੂੰ ਸੌਂਪਿਆ ਗਿਆ | ਪੈੱ੍ਰਸ ਸਕੱਤਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਏਡਜ਼ ਕੰਟਰੋਲ ਪ੍ਰੋਗਰਾਮ ਨਾਲ ਜੁੜੇ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਖਜ਼ਾਨੇ ਵਿਚੋਂ 20 ਫ਼ੀਸਦੀ ਵਿੱਤੀ ਵਾਧਾ ਦਿੱਤਾ ਗਿਆ ਸੀ | ਇਸ ਸੰਬੰਧ ਵਿਚ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ, ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਢੁਕਵਾਂ ਹੱਲ ਨਹੀਂ ਨਿਕਲਿਆ |