ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ ਵਿਚ ਚੋਰ ਇਕ ਸਿਗਰਟਾਂ ਵੇਚਣ ਵਾਲੀ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਘਟਨਾ ਦਾ ਪਤਾ ਉਦੋਂ ਲੱਗਿਆ, ਜਦੋਂ ਮਾਲਕ ਜੋਤੀ ਜਸਰਾ ਦੁਕਾਨ 'ਤੇ ਆਇਆ ਤਾਂ ਉਸ ਨੇ ਦੇਖਿਆ ਕਿ ਦੁਕਾਨ ਦਾ ਸ਼ਟਰ ਅਤੇ ਤਾਲੇ ਟੁੱਟੇ ਹੋਏ ਹਨ ਤੇ ਦੁਕਾਨ ਵਿਚ ਚੋਰੀ ਹੋ ਚੁੱਕੀ ਹੈ | ਚੋਰਾਂ ਵਲੋਂ ਕੀਤੀ ਇਹ ਘਟਨਾ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਦੋ ਚੋਰ ਇਸ ਘਟਨਾ ਨੂੰ ਅੰਜਾਮ ਦਿੰਦੇ ਦਿਖਾਈ ਦੇ ਰਹੇ ਹਨ | ਚੋਰਾਂ ਵਲੋਂ ਪਹਿਲਾਂ ਸ਼ਟਰ ਤੋੜਿਆ ਅਤੇ ਇਹਨਾਂ ਵਿਚੋਂ ਇਕ ਚੋਰ ਮੋਟਰਸਾਈਕਲ 'ਤੇ ਬਾਹਰ ਖੜ੍ਹਾ ਰਿਹਾ, ਜਦਕਿ ਦੂਸਰਾ ਚੋਰ ਦੁਕਾਨ ਅੰਦਰ ਜਾ ਕੇ ਨਗਦੀ ਚੋਰੀ ਕਰਕੇ ਲੈ ਆਇਆ | ਬਾਅਦ ਵਿਚ ਇਹ ਦੋਵੇਂ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਵਲੋਂ ਇਹ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ | ਪੁਲਿਸ ਵਲੋਂ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ਼ ਕਬਜ਼ੇ ਵਿਚ ਲੈ ਲਈ ਹੈ ਤੇ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ, ਪਰ ਦੇਰ ਸ਼ਾਮ ਤੱਕ ਪੁਲਿਸ ਨੂੰ ਇਸ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ ਸੀ | ਚੋਰ ਦੁਕਾਨ ਅੰਦਰ ਪਈ ਇਕ ਲੱਖ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋਏ ਹਨ |