ਚੌਂਕ ਮਹਿਤਾ, 9 ਨਵੰਬਰ (ਧਰਮਿੰਦਰ ਸਿੰਘ ਭੰਮਰਾ)-ਪ.ਸ.ਸ.ਬ. ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਧਰਦਿਉ-ਬੁੱਟਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਜੀ ਦੀ ਅਗਵਾਈ ਹੇਠ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਦੀਵਾਲੀ ਮੇਲਾ-2026 ਅਤੇ ਉੱਦਮਤਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਸਿਰਜਣਾਤਮਕਤਾ, ਕਲਾਤਮਕ ਪ੍ਰਤਿਭਾ ਅਤੇ ਉੱਦਮੀ ਸੋਚ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੇਲੇ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵਲੋਂ ਲਗਾਏ ਗਏ ਲਗਭਗ 30 ਵੱਖ-ਵੱਖ ਸਟਾਲ ਰਹੇ। ਇਨ੍ਹਾਂ ਸਟਾਲਾਂ ਵਿਚ ਵਿਦਿਆਰਥੀਆਂ ਵਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਸਜਾਵਟੀ ਵਸਤਾਂ, ਕਲਾਤਮਕ ਰਚਨਾਵਾਂ, ਖਾਣ-ਪੀਣ ਦੀਆਂ ਵਸਤਾਂ, ਘਰੇਲੂ ਵਰਤੋਂ ਦਾ ਸਾਮਾਨ ਅਤੇ ਮਨੋਰੰਜਕ ਖੇਡਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਗਟਾਵਾ ਕੀਤਾ ਗਿਆ। ਮੇਲੇ ਵਿਚ ਸਕੂਲ ਦੇ ਵੱਖ-ਵੱਖ ਕਲੱਬਾਂ, ਜਿਨ੍ਹਾਂ ਵਿਚ ਈਕੋ ਕਲੱਬ, ਬੀ.ਆਈ.ਐੱਸ. ਕਲੱਬ, ਸੱਭਿਆਚਾਰਕ ਕਲੱਬ, ਡਰਾਮਾ ਅਤੇ ਥੀਏਟਰ ਕਲੱਬ, ਆਰਟ ਐਂਡ ਕਰਾਫਟ ਕਲੱਬ, ਨਿਟ ਐਂਡ ਸਟਿਚ ਕਲੱਬ, ਫਨ ਕਲੱਬ, ਸਪੋਰਟਸ ਕਲੱਬ ਅਤੇ ਏ.ਆਈ. ਕਲੱਬ ਨੇ ਵੀ ਆਪਣੀਆਂ ਗਤੀਵਿਧੀਆਂ ਰਾਹੀਂ ਅਹਿਮ ਯੋਗਦਾਨ ਪਾਇਆ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਮਨਿੰਦਰ ਕੌਰ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਹਰ ਵਿਦਿਆਰਥੀ ਅੰਦਰ ਕੋਈ ਨਾ ਕੋਈ ਵਿਲੱਖਣ ਪ੍ਰਤਿਭਾ ਹੁੰਦੀ ਹੈ। ਇਸ ਸਫ਼ਲ ਆਯੋਜਨ ਵਿੱਚ ਸਮੂਹ ਅਧਿਆਪਕਾਂ, ਕਲੱਬ ਇੰਚਾਰਜਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਇਹ ਮੇਲਾ ਵਿਦਿਆਰਥੀਆਂ ਨੂੰ ਸਿਰਫ਼ ਤਿਉਹਾਰ ਮਨਾਉਣ ਦਾ ਮੌਕਾ ਹੀ ਨਹੀਂ, ਸਗੋਂ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ, ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਸਵੈ-ਰੁਜ਼ਗਾਰ ਦੀ ਦਿਸ਼ਾ ਵਿੱਚ ਪ੍ਰੇਰਿਤ ਕਰਨ ਵਾਲਾ ਇੱਕ ਸਾਰਥਕ ਅਤੇ ਯਾਦਗਾਰੀ ਉਪਰਾਲਾ ਸਾਬਤ ਹੋਇਆ।