ਤਰਨ ਤਾਰਨ, 7 ਮਈ (ਹਰਿੰਦਰ ਸਿੰਘ)-ਬਦਲਾਅ ਦਾ ਹੌਕਾ ਦੇ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਆਮ ਆਦਮੀ ਪਾਰਟੀ ਨੇ ਆਪਣੇ ਚਾਰ ਸਾਲ ਤੋਂ ਵੱਧ ਸਮੇਂ ਦੇ ਕਾਰਜਕਾਲ 'ਚ ਪੰਜਾਬ ਦੇ ਸਿਰ ਉੱਤੇ ਕਰਜ਼ੇ ਦੀ ਪੰਡ ਭਾਰੀ ਕਰਕੇ ਸੂਬੇ ਦੇ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਝੂਠ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਲੋਕ ਜਾਣ ਚੁੱਕੇ ਹਨ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਵੋਟਾਂ ਹਾਸਲ ਕੀਤੀਆਂ ਅਤੇ ਸਰਕਾਰ ਬਣਨ ਤੋਂ ਬਾਅਦ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿਚ ਛੁਰਾ ਮਾਰਿਆ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਦਿੱਲੀ ਦੇ ਹਾਰੇ ਤੇ ਨਕਾਰੇ ਲੀਡਰਾਂ ਦੇ ਹੱਥੀਂ ਲੁਟਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਮੂਕ ਦਰਸ਼ਕ ਬਣ ਕੇ ਪੰਜਾਬ ਦੀ ਲੁੱਟ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਧੋਖਿਆਂ ਦਾ ਜਵਾਬ ਪੰਜਾਬ ਦੇ ਲੋਕ ਅਗਾਮੀ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਮੂੰਹ ਵਿਖਾ ਕੇ ਦੇਣਗੇ | ਇਸ ਮੌਕੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾਂ ਵਿੰਨ੍ਹਦਿਆਂ ਕਿਹਾ ਕਿ ਦੂਸਰੀਆਂ ਸਟੇਟਾਂ ਵਿਚ ਧੱਕੇ ਨਾਲ ਜਿੱਤ ਪ੍ਰਾਪਤ ਕਰਨ ਵਾਲੀ ਭਾਜਪਾ ਪੰਜਾਬ ਵਿਚ ਵੀ ਸਰਕਾਰ ਬਣਾਉਣ ਦੇ ਝੂਠੇ ਸੁਪਨੇ ਵੇਖਣੇ ਬੰਦ ਕਰ ਦੇਵੇ, ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ | ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਹੁਣ ਪੰਜਾਬ ਵਿਚ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ, ਕਿਉਂਕਿ ਕਾਂਗਰਸ ਸਰਕਾਰ ਹੀ ਹਰੇਕ ਵਰਗ ਦੀ ਹਿਤੈਸ਼ੀ ਅਤੇ ਹਮਦਰਦ ਸਰਕਾਰ ਹੈ | ਉਨ੍ਹਾਂ ਕਿਹਾ ਕਿ 'ਸੰਗਠਨ ਸਿਰਜਣ ਅਭਿਆਨ' ਤਹਿਤ ਕਾਂਗਰਸ ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਅਤੇ ਕਾਂਗਰਸ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਨਵ ਨਿਯੁਕਤ ਜਨਰਲ ਸੈਕਟਰੀ ਸਕੱਤਰ ਸਿੰਘ ਰਾਮਰੌਣੀ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਬਲਾਕ ਕਾਂਗਰਸ ਤਰਨ ਤਾਰਨ ਪ੍ਰਧਾਨ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ, ਸਰਪੰਚ ਬਲਦੇਵ ਸਿੰਘ, ਬਹਾਲ ਸਿੰਘ ਰਾਮਰੌਣੀ, ਰਵਿੰਦਰ ਸਿੰਘ, ਸਤਨਾਮ ਸਿੰਘ, ਗੁਰਸੇਵਕ ਸਿੰਘ, ਤੀਰਥ ਸਿੰਘ, ਜਗਦੀਪ ਸਿੰਘ, ਮੇਜਰ ਸਿੰਘ ਮੈਂਬਰ, ਲਾਡੀ ਚੱਕ, ਅੰਗਰੇਜ਼ ਸਿੰਘ ਚੱਕ ਸਿਕੰਦਰ, ਮੱਲ੍ਹੀ ਮਾਲੂਵਾਲ, ਮੰਗਾ ਸਿੰਘ ਮਾਲੂਵਾਲ, ਬੰਟੀ ਦੋਬਲੀਆ, ਰਾਜਨਦੀਪ ਸਿੰਘ, ਬਿੱਲਾ ਸਰਪੰਚ ਨੂਰਪੁਰ, ਬਲਵਿੰਦਰ ਸਿੰਘ ਝਾਮਕਾ, ਬਾਊ ਝਾਮਕਾ, ਦਲਬੀਰ ਸਿੰਘ, ਗੁਰਚਰਨ ਸਿੰਘ, ਹਰਸਿਮਰਨਜੀਤ ਸਿੰਘ, ਸਰਪੰਚ ਪ੍ਰਭਦੀਪ ਸਿੰਘ, ਹੈਪੀ ਬਾਲੇਚੱਕ ਸਾਬਕਾ ਸਰਪੰਚ, ਗੁਰਜੀਤ ਸਿੰਘ ਮੁਰਾਦਪੁਰਾ ਸਾਬਕਾ ਸਰਪੰਚ, ਹਰਜੋਤ ਸਿੰਘ ਛਾਪਾ, ਅੰਮਿ੍ਤ ਸਿੰਘ ਭੁੱਚਰ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ ਤੇ ਹੀਰਾ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ |