ਪੱਟੀ, 7 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)ਤਰਨ ਤਾਰਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵਲੋਂ ਪੱਟੀ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਸਰਪ੍ਰੀਤ ਸਿੰਘ ਜੋਤੀ ਸੇਖੋਂ ਅਤੇ ਸੂਬਾ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਕੁੰਵਰਪਾਲ ਸਿੰਘ ਹਰਮਨ ਸੇਖੋਂ ਦੇ ਗ੍ਰਹਿ ਪੱਟੀ ਵਿਖੇ ਪਹੁੰਚ ਕੇ ਪੱਟੀ ਸ਼ਹਿਰ ਦੀਆਂ ਮਿਉਂਸੀਪਲ ਚੋਣਾਂ ਅਤੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਵਿਕਾਸ ਠੱਪ ਹੋ ਕੇ ਰਹਿ ਗਿਆ ਹੈ ਤੇ ਖਾਸ ਤੌਰ 'ਤੇ ਪੱਟੀ ਹਲਕੇ ਵਿਚ ਵਿਕਾਸ ਦੇ ਨਾਂਅ 'ਤੇ ਕੋਈ ਵੀ ਕੰਮ ਨਹੀਂ ਕੀਤਾ ਗਿਆ | ਪੰਜਾਬ ਤੇ ਇਸ ਹਲਕੇ ਦਾ ਵਿਕਾਸ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਹੀ ਹੋਇਆ ਹੈ ਤੇ ਹੁਣ ਇਥੋਂ ਦੇ ਵਸਨੀਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਹੀ ਹਲਕੇ ਨੂੰ ਵਿਕਾਸ ਲੀਹਾਂ 'ਤੇ ਲੈ ਕੇ ਜਾਣਗੇ | ਇਸ ਸਮੇਂ ਸਰਪ੍ਰੀਤ ਸਿੰਘ ਜੋਤੀ ਸੇਖੋਂ ਅਤੇ ਹਰਮਨ ਸੇਖੋਂ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਪੱਟੀ ਨਗਰ ਕੌਂਸਲ ਦੀਆਂ ਚੋਣਾਂ ਲਈ ਕਮਰ ਕੱਸੇ ਕਰ ਲਏ ਹਨ ਅਤੇ ਭਾਰੀ ਬਹੁਮਤ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤਣਗੇ | ਇਸ ਮੌਕੇ ਸੇਖੋਂ ਪਰਿਵਾਰ ਵਲੋਂ ਜ਼ਿਲ੍ਹਾ ਪ੍ਰਧਾਨ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਬੁਰਜ, ਸੁਖਬੀਰ ਸਿੰਘ ਸ਼ਹੀਦ, ਕਰਨ ਧਾਲੀਵਾਲ ਆਦਿ ਹਾਜ਼ਰ ਸਨ |