ਸਕੱਤਰ ਸਿੰਘ ਅਟਵਾਲ
ਗੋਇੰਦਵਾਲ ਸਾਹਿਬ, 1 ਅਪ੍ਰੈਲ- ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਲਘੂ ਉਦਯੋਗ ਵਲੋਂ ਬਣਾਇਆ ਗਿਆ ਬੱਸ ਅੱਡਾ ਜੋ ਤਰਸਯੋਗ ਹਾਲਤ ਵਿਚ ਹੈ, ਪਿਛਲੇ ਕਈ ਸਾਲਾਂ ਤੋਂ ਇਸ ਬੱਸ ਅੱਡੇ ਦਾ ਠੇਕਾ ਨਾ ਹੋਣ ਕਾਰਕੇ ਸਵਾਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਅੰਦਰ ਸਵਾਰੀਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਖ਼ਰੀਦਣ ਵਿਚ ਜਿੱਥੇ ਭਾਰੀ ਮੁਸ਼ਕਿਲ ਆਉਂਦੀ ਹੈ। ਇਸ ਬੱਸ ਸਟੈਂਡ ਦੇ ਬਾਥਰੂਮ ਸ਼ਾਮ ਢਲਦਿਆਂ ਹੀ ਬੰਦ ਕਰ ਦਿੱਤੇ ਜਾਂਦੇ ਹਨ। ਸ਼ਾਮ ਪੰਜ ਵਜੇ ਤੋਂ ਬਾਅਦ ਜਿੱਥੇ ਬੱਸਾਂ ਦਾ ਚੱਲਣਾ ਬੰਦ ਹੋ ਜਾਂਦਾ ਹੈ, ਉੱਥੇ ਬੱਸ ਸਟੈਂਡ ਨਸ਼ੇੜੀ ਅਤੇ ਝਪਟਮਾਰਾਂ ਦਾ ਅੱਡਾ ਬਣ ਜਾਂਦਾ ਹੈ। ਆਏ ਦਿਨ ਚੋਰੀ ਅਤੇ ਲੁੱਟਮਾਰ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕਦੀ। ਇੱਥੇ ਸਬ ਡਵੀਜ਼ਨ ਦਫਤਰ ਅਤੇ ਥਾਣਾ ਹੋਣ ਦੇ ਬਾਵਜੂਦ ਚੋਰਾਂ ਦੇ ਹੌੌਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਗੋਇੰਦਵਾਲ ਸਾਹਿਬ ਵਿਖੇ ਲੱਗੀਆਂ ਸਟਰੀਟ ਲਾਈਟਾਂ ਦੇ ਪੋਲ ਤੱਕ ਵੀ ਚੋਰਾਂ ਨੇ ਨਹੀਂ ਛੱਡੇ। ਇਸ ਬੱਸ ਸਟੈਂਡ ਤੋਂ ਇਤਿਹਾਸਕ ਨਗਰ ਖਡੂਰ ਸਾਹਿਬ ਤੋਂ ਸਿਰਫ਼ ਇਕ ਸਰਕਾਰੀ ਬੱਸ ਚੱਲਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਨੂੰ ਕੋਈ ਵੀ ਸਰਕਾਰੀ ਬੱਸ ਦਾ ਰੂਟ ਨਾ ਹੋਣ ਕਾਰਨ ਸਿੱਖ ਸੰਗਤਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬੱਸ ਅੱਡੇ 'ਤੇ ਕੋਈ ਵੀ ਸਫਾਈ ਸੇਵਕ ਨਹੀਂ ਹੈ, ਚੌਕੀਦਾਰ ਨਾ ਹੋਣ ਕਾਰਨ ਲੇਟ ਹੋਏ ਯਾਤਰੀਆਂ ਨੂੰ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਰਾਤ ਗੁਜ਼ਾਰਨੀ ਪੈਂਦੀ ਹੈ। ਇਸ ਬੱਸ ਸਟੈਂਡ ਦੀ ਪੀ.ਐੱਸ.ਆਈ.ਈ.ਸੀ.ਦੁਆਰਾ ਬੋਲੀ ਇੰਨ੍ਹੀ ਜ਼ਿਆਦਾ ਰੱਖੀਂ ਜਾਂਦੀ ਹੈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਕੋਹਾਂ ਦੂਰ ਦੀ ਗੱਲ ਹੈ। ਬੱਸ ਸਟੈਂਡ ਤੋਂ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਨੂੰ ਜਾਂਦੀ ਸੜਕ 'ਚ ਬਹੁਤ ਜਿਆਦਾ ਡੂੰਘੇ ਟੋਏ ਅਤੇ ਕਿਨਾਰਿਆਂ ਉੱਪਰ ਕੂੜਾ ਕਰਕਟ ਪਿਆ ਹੋਇਆ ਹੈ। ਪੰਜਾਬ ਲਘੂ ਉਦਯੋਗ ਵਲੋਂ ਬੱਸ ਸਟੈਂਡ ਦੇ ਨਾਲ ਲੱਗਦੀ ਜ਼ਮੀਨ ਜੋ ਵਪਾਰਕ ਕਾਰੋਬਾਰ ਵਾਸਤੇ ਛੱਡੀ ਸੀ ਜੋ ਕਿ ਹੁਣ ਛੱਪੜ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਉਸ ਵਿਚ ਖੜ੍ਹਾ ਗੰਦਾ ਪਾਣੀ ਕਈ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਨਗਰ ਨਿਵਾਸੀਆਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਇਸ ਬੱਸ ਸਟੈਂਡ ਦੀ ਜਲਦ ਤੋਂ ਜਲਦ ਸਾਰ ਲਈ ਜਾਵੇ।