ਖਡੂਰ ਸਾਹਿਬ, 1 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਕਾਂਗਰਸ ਪਾਰਟੀ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਕੁਲਬੀਰ ਸਿੰਘ ਜ਼ੀਰਾ ਨੇ ਨੰਬਰਦਾਰਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਪੰਜ ਹਜ਼ਾਰ ਰੁਪਏ ਮਾਣਭੱਤਾ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਇਕ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਦੇ ਮੰਤਰੀ ਨੂੰ ਘੇਰਦੇ ਹੋਏ ਕਿਹਾ ਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਇਕ ਪਾਸੇ ਤਾਂ ਗਰੰਟੀਆਂ ਪੂਰੀਆਂ ਕਰਨ ਦਾ ਦਾਅਵਾ ਕਰਦੀ ਹੈ, ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਸ ਤੋਂ ਕੋਹਾਂ ਦੂਰ ਹੈ | ਜ਼ੀਰਾ ਨੇ ਕਿਹਾ ਕਿ ਭਗਵੰਤ ਮਾਨ ਨੇ ਆਪਣੇ ਤੇਰਾਂ ਨੁਕਾਤੀ ਏਜੰਡੇ ਵਿਚ ਨੰਬਰਦਾਰਾਂ ਨੂੰ ਮਾਣਭੱਤਾ ਦੁਗਣਾ ਕਰਨ ਦੀ ਗਰੰਟੀ ਦਿੱਤੀ ਹੈ ਜੋ ਅਜੇ ਤੱਕ ਹਵਾ ਵਿਚ ਲਟਕ ਰਹੀ ਹੈ ਅਤੇ ਨੰਬਰਦਾਰ ਗਰੰਟੀ ਪੂਰੀ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਤਰੁੰਤ ਨੰਬਰਦਾਰਾਂ ਦਾ ਮਾਣਭੱਤਾ ਪੰਜ ਹਜ਼ਾਰ ਰੁਪਏ ਕਰਨਾ ਚਾਹੀਦਾ ਹੈ |