ਨੌਸ਼ਹਿਰਾ ਪਨੂੰਆਂ, 1 ਅਪ੍ਰੈਲ (ਦੀਪਕ ਮੈਣੀ)- ਨਜ਼ਦੀਕ ਦੇ ਪੈਂਦੇ ਪਿੰਡ ਢੋਟੀਆ ਦੇ ਸਰਪੰਚ ਵਲੋਂ ਇਕ ਲੜਕੇ ਨੂੰ ਰਾਡ ਮਾਰ ਕੇ ਮਾਰ ਦੇਣ ਦੀ ਖ਼ਬਰ ਕੱਲ੍ਹ ਰਾਤ ਦੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ | ਇਸ ਖ਼ਬਰ ਬਾਰੇ ਜਦੋਂ ਪਿੰਡ ਢੋਟੀਆਂ ਦੇ ਨਿਵਾਸੀਆਂ ਤੇ ਸਰਪੰਚ ਹਰਜਿੰਦਰ ਸਿੰਘ ਤੋਂ ਪਤਾ ਕੀਤਾ ਗਿਆ ਤਾਂ ਕਹਾਣੀ ਹੋਰ ਹੀ ਸਾਹਮਣੇ ਆਈ ਹੈ | ਪਿੰਡ ਢੋਟੀਆਂ ਦੇ ਇਕ ਲੜਕੇ ਸਿਮਰ ਸਿੰਘ (ਕਾਲਪਨਿਕ ਨਾਮ) ਵਲੋਂ ਪਿੰਡ ਦੇ ਇਕ ਲੜਕੇ ਭੋਲੇ (ਕਾਲਪਨਿਕ ਨਾਮ) ਕੋਲੋਂ ਨਸ਼ਾ ਖਰੀਦਿਆ, ਨਸ਼ਾ ਖਰੀਦਣ ਉਪਰੰਤ ਸਿਮਰ ਸਿੰਘ ਨੇ ਘਰ ਦੇ ਬਾਥਰੂਮ ਵਿਚ ਜਾ ਕੇ ਨਸ਼ੇ ਦੀ ਵਰਤੋਂ ਕੀਤੀ, ਕਾਫੀ ਸਮਾਂ ਬੀਤਣ ਤੇ ਜਦੋਂ ਸਿਮਰ ਸਿੰਘ ਬਾਥਰੂਮ ਵਿਚੋਂ ਬਾਹਰ ਨਾ ਆਇਆ ਤਾਂ ਪਰਿਵਾਰ ਨੇ ਦਰਵਾਜਾ ਤੋੜ ਕੇ ਸਿਮਰ ਸਿੰਘ ਨੂੰ ਬਾਹਰ ਕੱਢ ਕੇ ਸਥਾਨਿਕ ਡਾਕਟਰ ਨੂੰ ਵਿਖਾਇਆ | ਸਥਾਨਿਕ ਡਾਕਟਰ ਵਲੋਂ ਜਵਾਬ ਦੇਣ ਤੇ ਨਜ਼ਦੀਕ ਦੇ ਪਿੰਡ ਸੇਰੋਂ ਵਿਖੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ | ਪਿੰਡ ਵਾਪਸ ਆਉਣ 'ਤੇ ਸਿਮਰ ਸਿੰਘ ਦੀ ਮਾਤਾ ਨੇ ਭੋਲੇ ਨੂੰ ਫੋਨ ਕਰਕੇ ਸਿਮਰ ਸਿੰਘ ਨੂੰ ਜਾਨਲੇਵਾ ਨਸ਼ਾ ਦੇਣ 'ਤੇ ਉਸ ਵਿਰੁੱਧ ਐੱਸ.ਐੱਸ.ਪੀ.ਨੂੰ ਦਰਖਾਸਤ ਦੇਣ ਦਾ ਕਿਹਾ 'ਤੇ ਫੋਨ ਬੰਦ ਕਰ ਦਿੱਤਾ | ਭੋਲੇ ਦੀ ਪਤਨੀ ਦਾ ਵਾਪਿਸ ਫੋਨ ਆਇਆ ਤੇ ਸ਼ਾਮ ਨੂੰ ਸਰਪੰਚ ਦੇ ਘਰ ਇਕੱਠੇ ਹੋਣ ਦਾ ਕਿਹਾ | ਦੋਵੇੇਂ ਪਰਿਵਾਰਾਂ ਨੂੰ ਸ਼ਾਮ ਨੂੰ ਜਦੋਂ ਸਰਪੰਚ ਦੇ ਘਰ ਗਏ ਤਾ ਦੋਵਾਂ ਪਰਿਵਾਰਾਂ ਦੀ ਆਪਸ ਵਿਚ ਗਰਮੋ ਗਰਮੀ ਹੁੰਦੀ ਹੱਥੋਂ ਪਾਈ ਤੱਕ ਪਹੁੰਚ ਗਈ | ਸਿਮਰ ਸਿੰਘ ਦੀ ਮਾਤਾ ਤੇ ਸਰਪੰਚ ਦੇ ਫੋਨ 'ਤੇ ਦੱਸਣ ਅੁਨਸਾਰ ਇਸੇ ਦੌਰਾਨ ਭੋਲੇ ਨੇ 100 ਦੇ ਲਗਪਗ ਹੋਰ ਔਰਤਾਂ ਤੇ ਲੜਕਿਆਂ ਨੂੰ ਬੁਲਾ ਲਿਆ 'ਤੇ ਰੌਲਾ ਪਾਉਂਦੇ ਹੋਏ ਹੱਥੋ ਪਾਈ ਕਰਨ ਲੱਗੇ | ਸਰਪੰਚ ਨੇ ਹੱਥੋਂ ਪਾਈ ਨਾ ਕਰਨ ਲਈ ਕਿਹਾ, ਤਾਂ ਉਸੇ ਭੋਲੇ ਦੇ ਹਮਾਇਤੀ ਉੱਚੀ-ਉੱਚੀ ਆਖਣ ਲੱਗੇ ਸਰਪੰਚ ਨੇ ਭੋਲੇ ਦੇ ਸਿਰ 'ਤੇ ਰਾਡ ਮਾਰ ਕੇ ਭੋਲੇ ਨੂੰ ਮਾਰ ਦਿੱਤਾ, ਭੋਲੇ ਦੇ ਹਮਾਇਤੀਆਂ ਨੇ ਇੱਟਾਂ-ਵੱਟੇ ਮਾਰਨੇ ਸ਼ੁਰੂ ਕਰ ਦਿੱਤੇ | ਸਰਪੰਚ ਦੇ ਦਫਤਰ ਵਿਚ ਲੱਗੇ ਸੀਸ਼ੇ ਤੋੜ ਦਿੱਤੇ | ਭੋਲੇ ਨੂੰ ਅੰਮਿ੍ਤਸਰ ਵਿਖੇ ਹਸਪਤਾਲ ਦਾਖ਼ਲ ਕਰਵਾ ਦਿੱਤਾ | ਸਰਪੰਚ ਨੇ ਫੋਨ 'ਤੇ ਦੱਸਿਆ ਕਿ ਉਸ ਨੇ ਦੋਵਾਂ ਧਿਰਾਂ ਨੂੰ ਆਪਸ ਵਿਚ ਲੜਨ ਤੋਂ ਹਟਾਇਆ ਹੀ ਹੈ, ਕਿਸੇ ਨੂੰ ਕੁਝ ਨਹੀਂ ਆਖਿਆ | ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਰੇ ਜਦੋਂ ਸਥਾਨਕ ਚੌਂਕੀ ਇੰਚਾਰਜ ਨਾਲ ਫੋਨ 'ਤੇ ਰਾਬਤਾ ਕੀਤਾ ਤਾ ਚੌਕੀ ਇੰਚਾਰਜ ਨੇ ਕੋਰਟ ਵਿਚ ਹੋਣ ਦਾ ਆਖ ਕੇ ਸ਼ਾਮ ਨੂੰ ਸੰਬੰਧਿਤ ਜਾਣਕਾਰੀ ਦੇਣ ਦਾ ਕਿਹਾ |