ਪੱਟੀ, 1 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰ ਪਾਲ ਸਿੰਘ ਕਾਲੇਕੇ)-ਪਿਛਲੇ ਦਿਨਾਂ ਤੋਂ ਐੱਨ.ਆਰ.ਆਈ. ਰਣਦੀਪ ਕੌਰ ਵਲੋਂ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਉਸਦੇ ਪਰਿਵਾਰ ਉੱਤੇ ਜ਼ਮੀਨ ਹੜੱਪਣ ਦੇ ਲਗਾਏ ਜਾ ਰਹੇ ਦੋਸ਼ਾਂ ਦਾ ਅੱਜ ਰਣਦੀਪ ਕੌਰ ਦੇ ਭਰਾ ਹਰਵਿੰਦਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਕੋਲ ਕਰੀਬ 30 ਏਕੜ ਜ਼ਮੀਨ ਪੱਟੀ ਤੋਂੋ ਸਰਹਾਲੀ ਰੋਡ 'ਤੇ ਸੀ | ਖਾੜਕੂਵਾਦ ਦੌਰਾਨ ਪੀੜਤ ਹੋਣ ਕਾਰਨ ਉਹ ਪੱਟੀ ਤੋਂ ਚੰਡੀਗੜ੍ਹ ਸਿਫਟ ਹੋ ਗਏ ਅਤੇ ਇਹ ਜ਼ਮੀਨ ਠੇਕੇ 'ਤੇ ਦਿੱਤੀ ਜਾਂਦੀ ਰਹੀ | ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੀਆਂ ਚਾਰ ਬੇਟੀਆਂ ਔਰਣਦੀਪ ਕੌਰ, ਸੁਖਦੀਪ ਕੌਰ, ਸੁਖਜਿੰਦਰ ਕੌਰ ਅਤੇ ਕੁਸ਼ਲਦੀਪ ਕੌਰ | ਉਨ੍ਹਾਂ ਦੇ ਨਾਂਅ 'ਤੇ ਕੁੱਲ ਮਿਲਾ ਕੇ ਸਾਢੇ ਸੱਤ ਏਕੜ ਦੇ ਕਰੀਬ ਜ਼ਮੀਨ ਰਜਿਸਟਰਡ ਹੈ ਅਤੇ ਇਸ ਤੋਂ ਇਲਾਵਾ ਰਣਦੀਪ ਕੌਰ ਨੂੰ ਦੋ ਕਿੱਲੇ ਜ਼ਮੀਨ ਬੈ ਕੀਤੀ ਗਈ ਸੀ | ਜਦਕਿ ਬਾਕੀ 30 ਏਕੜ 'ਚੋਂ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਅਤੇ ਮੇਰੇ ਨਾਂਅ 'ਤੇ ਦਰਜ ਹੈ | ਉਨ੍ਹਾਂ ਦੱਸਿਆ ਕਿ ਸਾਲ 2023 ਦੇ ਕਰੀਬ ਉਨ੍ਹਾਂ ਵਲੋਂ 29 ਕਨਾਲ 6 ਮਰਲੇ ਜ਼ਮੀਨ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ, ਮਾਤਾ ਭੁਪਿੰਦਰ ਕੌਰ ਅਤੇ ਪਤਨੀ ਸੁਰਿੰਦਰਪਾਲ ਕੌਰ ਨੂੰ ਵੇਚੀ ਗਈ ਸੀ | ਇਸ ਦੇ ਪੈਸੇ ਉਨ੍ਹਾਂ ਨੂੰ ਬੈਂਕ ਰਾਹੀਂ ਪ੍ਰਾਪਤ ਹੋਏ ਹਨ ਅਤੇ ਮੌਕੇ 'ਤੇ ਖਸਰਾ ਨੰਬਰਾਂ ਸਮੇਤ ਕਬਜ਼ਾ ਵੀ ਦੇ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਰਣਦੀਪ ਕੌਰ ਵਲੋਂ ਸਾਬਕਾ ਮੰਤਰੀ ਭੁੱਲਰ 'ਤੇ ਲਗਾਏ ਜਾ ਰਹੇ ਸਾਰੇ ਇਲਜ਼ਾਮ ਬੇਬੁਨਿਆਦ ਹਨ | ਉਨ੍ਹਾਂ ਦੱਸਿਆ ਕਿ ਰਣਦੀਪ ਕੌਰ ਦੇ ਨਾਂਅ 'ਤੇ ਤਿੰਨ ਕਿਲੇ ਸੱਤ ਕਨਾਲ ਦੇ ਕਰੀਬ ਜ਼ਮੀਨ ਰਜਿਸਟਰਡ ਹੈ | ਇਸ 'ਚੋਂ ਉਸ ਦੀ ਜ਼ਮੀਨ ਪੱਟੀ ਤੋਂ ਸਰਹਾਲੀ ਰੋਡ 'ਤੇ ਸਥਿਤ ਹੈ, ਜਦਕਿ ਬਾਕੀ ਭੈਣਾਂ ਦੀ ਜ਼ਮੀਨ ਪੀਰਾਂਸਾਬ ਰੋਡ 'ਤੇ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਰਣਦੀਪ ਕੌਰ ਲਗਾਤਾਰ ਸਿਆਸੀ ਆਗੂਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਭੁੱਲਰ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕਰ ਰਹੀ ਹੈ | ਅਮਰਜੀਤ ਕੌਰ ਅਤੇ ਹਰਵਿੰਦਰ ਸਿੰਘ ਨੇ ਪੰਜਾਬ ਦੀਆਂ ਸਿਆਸੀ ਧਿਰਾਂ ਅਤੇ ਮੀਡੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਰਣਦੀਪ ਕੌਰ ਦਾ ਪੱਖ ਸੁਣਨ ਦੇ ਨਾਲ ਨਾਲ ਉਨ੍ਹਾਂ ਦਾ ਪੱਖ ਵੀ ਜ਼ਰੂਰ ਸੁਣਿਆ ਜਾਵੇ ਕਿਉਂਕਿ ਇਸ ਜ਼ਮੀਨ ਦੇ ਅਸਲ ਮਾਲਕ ਉਹ ਹਨ ਨਾ ਕਿ ਰਣਦੀਪ ਕੌਰ |