ਤਰਨ ਤਾਰਨ, 1 ਅਪ੍ਰੈਲ (ਹਰਿੰਦਰ ਸਿੰਘ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਿਹਨਤਕਸ਼ ਜਮਾਤ ਦਾ ਪੱਖ ਪੂਰਨ ਵਾਲੇ 29 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ 1 ਅਪਰੈਲ ਤੋਂ ਦੇਸ਼ ਵਿਚ ਚਾਰ ਲੇਬਰ ਕੋਡ ਲਾਗੂ ਕਰਨ ਦੇ ਖਿਲਾਫ਼ 10 ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਦੇ ਸਾਂਝੇ ਦੇਸ਼ ਵਿਆਪੀ ਸੱਦੇ 'ਤੇ ਬਿਜਲੀ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸਾਂਝੇ ਧੜੇ ਵਿਚ ਸ਼ਾਮਿਲ ਆਗੂਆਂ ਅਤੇ ਵਰਕਰਾਂ ਨੇ ਪਾਵਰਕਾਮ ਦੇ ਸਥਾਨਕ ਸਰਕਲ ਦਫਤਰ ਦੇ ਗੇਟ 'ਤੇ ਇਕੱਤਰ ਹੋ ਕੇ ਕੇਂਦਰ ਦੀ ਮੋਦੀ ਸਰਕਾਰ ਦਾ ਜੋਰਦਾਰ ਪਿੱਟ ਸਿਆਪਾ ਕੀਤਾ | ਇਸ ਮੌਕੇ 'ਤੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ, ਗੁਰਭੇਜ ਸਿੰਘ ਢਿੱਲੋਂ, ਹਰਦੇਵ ਸਿੰਘ ਨਾਗੋਕੇ, ਸਰਕਲ ਆਗੂ ਕੁਲਵਿੰਦਰ ਸਿੰਘ ਬਾਗੜੀਆਂ, ਪੂਰਨ ਦਾਸ, ਲਖਬੀਰ ਸਿੰਘ ਰੈਸੀਆਣਾ, ਧਰਮਵੀਰ ਸਿੰਘ ਪੱਟੀ, ਰਣਜੀਤ ਸਿੰਘ, ਸਰਕਲ ਸੁਪਰਡੈਂਟ ਕਵਲਜੀਤ ਕੌਰ, ਰੋਡਵੇਜ਼ ਕਾਮਿਆਂ ਦੇ ਆਗੂ ਅਜਮੇਰ ਸਿੰਘ ਕੱਲਾ , ਪੰਜਾਬ ਪੈਨਸ਼ਨਰ ਯੂਨੀਅਨ ਏਟਕ ਦੇ ਆਗੂ ਸਵਰਨ ਸਿੰਘ ਕੁਹਾੜਕਾ, ਕੁੱਲ ਹਿੰਦ ਕਿਸਾਨ ਸਭਾ 1936 ਦੇ ਆਗੂ ਕਾ. ਦਵਿੰਦਰ ਸੋਹਲ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਟਰੇਡ ਯੂਨੀਅਨਾਂ ਵਲੋਂ ਵੱਡੇ ਅੰਦੋਲਨ ਕਰਕੇ ਜੋ ਹੱਕ ਹਕੂਕ ਪ੍ਰਾਪਤ ਕੀਤੇ ਸਨ ਉਨ੍ਹਾਂ ਨੂੰ ਮੋਦੀ ਸਰਕਾਰ ਨੇ ਖਤਮ ਕਰਕੇ ਮੁਲਾਜ਼ਮ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ 1 ਅਪਰੈਲ ਤੋਂ ਦੇਸ਼ ਵਿਚ ਲਾਗੂ ਕਰਕੇ ਮਿਹਨਤਕਸ਼ ਜਮਾਤ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ | ਜਿਸ ਨੂੰ ਦੇਸ਼ ਦੀ ਸਮੁੱਚੀ ਮਿਹਨਤਕਸ਼ ਜਮਾਤ ਕਾਲੇ ਦਿਨ ਦੇ ਤੌਰ 'ਤੇ ਯਾਦ ਰੱਖੇਗੀ | ਆਗੂਆਂ ਨੇ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਸੂਬਾ ਪੱਧਰੀ ਸੱਦੇ 'ਤੇ 10 ਅਪ੍ਰੈਲ ਨੂੰ ਮੁੱਖ ਦਫਤਰ ਪਟਿਆਲਾ ਅੱਗੇ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਦੀਆਂ ਜੋਰਦਾਰ ਤਿਆਰੀਆਂ ਕਰਨ ਦਾ ਹਾਜ਼ਰੀਨ ਨੂੰ ਸੱਦਾ ਦਿੱਤਾ |
ਬਿਜਲੀ ਕਾਮਿਆਂ ਨੇ ਚਾਰ ਲੇਬਰ ਕੋਡ ਲਾਗੂ ਕਰਨ ਖਿਲਾਫ਼ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ <br/>
ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਕਰਮਚਾਰੀ | ਤਸਵੀਰ:ਗੁਰਪ੍ਰੀਤ ਸਿੰਘ ਲਵਲੀ<br/>
02-04-2026