ਤਰਨ ਤਾਰਨ, 1 ਅਪ੍ਰੈਲ (ਹਰਿੰਦਰ ਸਿੰਘ)-ਸਰਕਾਰਾਂ ਭਾਵੇਂ ਲੱਖ ਦਾਅਵੇ ਕਰਦੀਆਂ ਹਨ ਕਿ ਤੁਸੀਂ ਹਰ ਬਿਮਾਰੀ ਦਾ ਇਲਾਜ ਆਪਣੇ ਪਿੰਡ ਦੇ ਵਿਚ ਬਣੇ ਹੈਲਥ ਸੈਂਟਰਾਂ ਤੋਂ ਕਰਵਾ ਸਕਦੇ ਹੋ, ਪਰ ਪਿੰਡਾਂ ਵਿਚ ਨਾ ਕੋਈ ਦਵਾਈ, ਨਾ ਕੋਈ ਇਲਾਜ ਦਾ ਪ੍ਰਬੰਧ ਹੈ | ਇਸ ਦੀ ਤਾਜਾ ਮਿਸਾਲ ਪਿੰਡ ਕੋਟ ਧਰਮ ਚੰਦ ਕਲਾਂ ਤੋਂ ਮਿਲਦੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਕਾ. ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਕਰਦਿਆਂ ਕਿਹਾ ਕਿ ਜਦ ਅਸੀਂ ਸਿਹਤ ਪੱਖੀ ਦਵਾਈ ਲੈਣ ਲਈ ਹੈਲਥ ਸੈਂਟਰ ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਦਵਾਈ ਲੈਣ ਗਏ ਤਾਂ ਉਥੇ ਮੌਜੂਦ ਕੁਰਸੀ 'ਤੇ ਬੈਠੀ ਇਕ ਮਹਿਲਾ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇਸ ਵਕਤ ਕੋਈ ਵੀ ਦਵਾਈ ਦਾ ਪ੍ਰਬੰਧ ਨਹੀਂ ਹੈ | ਜਦ ਅਸੀਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਡੀ ਦਵਾਈ ਵੇਰਕਾ ਤੋਂ ਆਉਂਦੀ ਹੈ, ਪਰ ਸਪਲਾਈ ਅਜੇ ਬੰਦ ਪਈ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਤਰਨ ਤਾਰਨ ਦਾ ਬੁਰਾ ਹਾਲ ਹੈ | ਜ਼ਿਆਦਾਤਰ ਡਾਕਟਰ ਬਾਹਰ ਦਵਾਈਆਂ ਲਿਖ ਕੇ ਲੋਕਾਂ ਦੀ ਜੇਬ ਨੂੰ ਚੂਨਾ ਲਗਾ ਰਹੇ ਹਨ | ਇਕ ਡਾਕਟਰ 100 ਦੇ ਕਰੀਬ ਮਰੀਜ਼ ਨੂੰ ਚੈਕ ਕਰਦਾ ਹੈ, ਜੋ ਕਿ ਏਨੇ ਜ਼ਿਆਦਾ ਮਰੀਜ਼ ਨੂੰ ਚੰਗੀ ਤਰ੍ਹਾਂ ਨਾਲ ਨਹੀਂ ਦੇਖ ਸਕਦਾ, ਨਾ ਹੀ ਉਸ ਦਾ ਸਹੀ ਤਰ੍ਹਾਂ ਇਲਾਜ ਕਰ ਸਕਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਵੱਧ ਤੋਂ ਵੱਧ ਡਾਕਟਰਾਂ ਭਰਤੀ ਕੀਤੀ ਜਾਵੇ, ਤਾਂ ਕਿ ਗਰੀਬ ਲੋਕਾਂ ਦਾ ਸਹੀ ਢੰਗ ਨਾਲ ਇਲਾਜ ਹੋ ਸਕੇ | ਉਨ੍ਹਾਂ ਪੰਜਬ ਸਰਕਾਰ ਅਤੇ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਵੱਲ ਫੌਰੀ ਤੌਰ 'ਤੇ ਧਿਆਨ ਦਿੱਤਾ ਜਾਵੇ | ਬੰਦ ਦਵਾਈਆਂ ਦੀ ਸਪਲਾਈ ਚਾਲੂ ਕੀਤੀ ਜਾਵੇ, ਤਾਂ ਕਿ ਗਰੀਬ ਪਰਿਵਾਰ ਇਸ ਦਾ ਲਾਭ ਲੈ ਸਕਣ | ਇਸ ਮੌਕੇ ਕਾ. ਬਲਵਿੱਦਰ ਸਿੰਘ ਕੋਟ, ਗਗਨ ਸਿੰਘ ਮਿੰਟੂ, ਅਮਰੀਕ ਸਿੰਘ ਉਰਫ ਬਿੱਟੂ ਆਦਿ ਹਾਜ਼ਰ ਸਨ |
ਬਿਨਾਂ ਦਵਾਈਆਂ ਤੋਂ ਚੱਲ ਰਿਹੈ ਹੈਲਥ ਐਂਡ ਵੈੱਲਨੈੱਸ ਸੈਂਟਰ ਕੋਟ ਧਰਮ ਚੰਦ ਕਲਾਂ
ਅਜੀਤ ਡੈਸਕ
02-04-2026