ਖਾਲੜਾ, 1 ਅਪ੍ਰੈਲ (ਜੱਜਪਾਲ ਸਿੰਘ ਜੱਜ)-ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪੁਲਿਸ ਵਧੀਕੀਆਂ ਅਤੇ ਐਸ.ਐਚ.ਓ. ਖਾਲੜਾ ਦੇ ਖ਼ਿਲਾਫ਼ ਐਸ.ਐਚ.ਓ. ਖਾਲੜਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਧਰਨੇ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਭਿੱਖੀਵਿੰਡ ਤੇ ਗੱਜਣ ਸਿੰਘ ਨਾਰਲਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਅਹਿਮਦਪੁਰ ਨੇ ਕੀਤੀ | ਇਸ ਮੌਕੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪਿੰਡ ਵਾਂ ਦੇ ਗਰੀਬ ਕਿਸਾਨ ਗੁਰਦਿਆਲ ਸਿੰਘ ਦੀ ਮਾਲਕੀ ਜਗ੍ਹਾ 6 ਮਰਲੇ ਪਿੰਡ ਵਿਚ ਸੀ, ਜਿਸਦੀ ਰਜਿਸਟਰੀ, ਜਮ੍ਹਾਬੰਦੀ ਗਿਰਦੌਰੀ ਅਤੇ ਇੰਤਕਾਲ ਵੀ ਗੁਰਦਿਆਲ ਸਿੰਘ ਦੇ ਨਾਂਅ ਦਰਜ ਹੈ ਅਤੇ ਉਸ ਜਗ੍ਹਾ 'ਤੇ ਪਿੰਡ ਦੇ ਹੀ ਕੁਝ ਲੋਕਾਂ ਵਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ | ਇਸੇ ਤਰ੍ਹਾਂ ਹੀ ਪਿੰਡ ਮੁਗਲ ਚੱਕ ਦੇ ਮਜ਼ਦੂਰ ਆਗੂ ਸਵਿੰਦਰ ਸਿੰਘ ਚੱਕ ਦੇ ਘਰ ਵਿਚ ਹੋਈ ਲੁੱਟ ਦੌਰਾਨ ਚੋਰਾਂ ਵਲੋਂ ਰਸੋਈ ਸਿਲੰਡਰਾਂ ਨੂੰ ਚੋਰੀ ਕਰ ਲਿਆ ਗਿਆ ਅਤੇ ਚੋਰਾਂ ਦੀ ਸ਼ਨਾਖ਼ਤ ਵੀ ਹੋਈ ਹੈ, ਪ੍ਰੰਤੂ ਐਸ.ਐਚ.ਓ. ਖਾਲੜਾ ਵਲੋਂ ਚੋਰਾਂ ਨੂੰ ਫੜ ਕੇ ਛੱਡ ਦਿੱਤਾ ਗਿਆ ਹੈ ਅਤੇ ਚੋਰਾਂ ਦੀ ਪਿੱਠ ਥਾਪੜੀ ਜਾ ਰਹੀ ਹੈ | ਉਕਤ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੀੜਤ ਪਰਿਵਾਰਾਂ ਨੰੂ ਇਨਸਾਫ਼ ਨਾ ਦਿੱਤਾ ਗਿਆ ਤਾਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 12 ਅਪ੍ਰੈਲ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਜਥੇਬੰਦੀਆਂ ਦੇ ਸੀਨੀਅਰ ਆਗੂ ਕੇਵਲ ਸਿੰਘ ਕੰਬੋਕੇ, ਹਰਜਿੰਦਰ ਸਿੰਘ ਚੂੰਗ, ਸੰਤੋਖ ਸਿੰਘ ਮੱਖੀ ਕਲਾਂ, ਜਸਵੰਤ ਸਿੰਘ ਬਾਸਰਕੇ, ਜਗੀਰ ਸਿੰਘ ਗੰਡੀਵਿੰਡ ਆਦਿ ਆਗੂ ਹਾਜ਼ਰ ਸਨ | ਇਸ ਸਬੰਧੀ ਐਸ.ਐਚ.ਓ. ਖਾਲੜਾ ਬਲਜਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਪਿੰਡ ਵਾਂ ਦੀ ਜਗ੍ਹਾ ਦੇ ਮਾਮਲੇ ਸੰਬੰਧੀ ਦੋਹਾਂ ਪਾਰਟੀਆਂ ਨੰੂ 3 ਅਪ੍ਰੈਲ ਨੂੰ ਡੀ.ਐਸ.ਪੀ. ਭਿੱਖੀਵਿੰਡ ਦਫਤਰ ਦਾ ਸਮਾਂ ਦਿੱਤਾ ਗਿਆ ਹੈ, ਜਿਸ ਵਿਚ ਜੋ ਵੀ ਸਾਹਮਣੇ ਆਵੇਗਾ ਉਸ ਨੂੰ ਲੈ ਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |Ê
ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਥਾਣਾ ਖਾਲੜਾ ਦਾ ਘਿਰਾਓ <br/>
ਥਾਣਾ ਖਾਲੜਾ ਅੱਗੇ ਧਰਨਾ ਦਿੰਦੇ ਹੋਏ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂ ਤੇ ਵਰਕਰ | ਤਸਵੀਰ: ਜੱਜ <br/>
02-04-2026