ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)-ਬੀਤੇ ਦਿਨੀਂ ਤਰਨ ਤਾਰਨ ਦੇ ਨਜ਼ਦੀਕ ਪੈਂਦੇ ਸਿੱਧੂ ਫਾਰਮ ਸੇਰੋਂ ਵਿਖੇ ਵਿਆਹ ਸਮਾਗਮ ਵਿਚ ਸ਼ਾਮਿਲ ਹੋਏ ਪਿੰਡ ਠੱਠੀਆ ਮਹੰਤਾਂ ਤੋਂ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਦਾ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੇ ਮਾਮਲੇ ਵਿਚ ਥਾਣਾ ਸਰਹਾਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ | ਦੂਸਰੀ ਤਰਫ਼ ਮਿ੍ਤਕ ਸਰਪੰਚ ਹਰਬਰਿੰਦਰ ਸਿੰਘ ਠੱਠੀਆ ਮਹੰਤਾਂ ਦਾ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਡਾਕਟਰਾਂ ਦੇ ਬੋਰਡ ਵਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ | ਜਿਸ ਤੋਂ ਬਾਅਦ ਦੇਰ ਸ਼ਾਮ ਪਿੰਡ ਠੱਠੀਆਂ ਮਹੰਤਾਂ ਵਿਖੇ ਸਰਪੰਚ ਹਰਬਰਿੰਦਰ ਸਿੰਘ ਦੀ ਮਿ੍ਤਕਦੇਹ ਦਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ | ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਮੁਹਤਬਰ ਅਤੇ ਪਿੰਡ ਨਿਵਾਸੀ ਮੌਜੂਦ ਸਨ | ਦੂਸਰੀ ਤਰਫ਼ ਥਾਣਾ ਸਰਹਾਲੀ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਹਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਠੱਠੀਆ ਮਹੰਤਾਂ ਨੇ ਦੱਸਿਆ ਕਿ 18 ਫਰਵਰੀ ਨੂੰ ਸਾਡੇ ਸ਼ਰੀਕੇ ਭਾਈਚਾਰੇ ਵਿਚ ਸਮਸ਼ੇਰ ਸਿੰਘ ਪੁੱਤਰ ਸੇਵਕਜੀਤ ਸਿੰਘ ਵਾਸੀ ਠੱਠੀਆਂ ਮਹੰਤਾ ਦਾ ਵਿਆਹ ਸਮਾਗਮ ਸੀ | ਜਿਸ ਵਿਚ ਅਸੀ ਦੋਵੇੇਂ ਭਰਾ ਪਰਿਵਾਰ ਸਮੇਤ ਸ਼ਾਮਿਲ ਹੋਏ ਸੀ ਅਤੇ ਵਿਆਹ ਦੇਖ ਰਿਹੇ ਸੀ ਕਿ ਸਾਢੇ ਤਿੰਨ ਵਜੇ ਦੇ ਕਰੀਬ ਮੇਰਾ ਭਰਾ ਹਰਬਰਿੰਦਰ ਸਿੰਘ (38) ਸਾਲ ਮੈਰਿਜ ਪੈਲੇਸ ਵਿਚ ਬਾਹਰ ਸੋਫੇ 'ਤੇ ਬੈਠਾ ਸੀ ਅਤੇ ਮੈਂ ਅਤੇ ਮੇਰੇ ਤਾਏ ਦਾ ਲੜਕਾ ਜਰਮਨਜੀਤ ਸਿੰਘ ਪੁੱਤਰ ਸਤਪਾਲ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਠੱਠੀਆ ਮਹੰਤਾ ਵੀ ਸਾਡੇ ਨਾਲ ਦੂਸਰੀ ਸਾਈਡ 'ਤੇ ਸੋਫੇ 'ਤੇ ਬੈਠਾ ਸੀ ਕਿ ਅਚਾਨਕ ਸਾਡੇ ਪਾਸ ਤਿੰਨ ਅਣਪਛਾਤੇ ਨੌਜਵਾਨ ਜਿੰਨਾਂ ਦੇ ਹੱਥਾਂ ਵਿਚ ਪਿਸਟਲ ਫੜੇ ਹੋਏ ਸਨ, ਸਾਡੇ ਪਾਸ ਆਏ ਅਤੇ ਜਿੰਨ੍ਹਾਂ ਨੇ ਆਉਂਦੇ ਸਾਰ ਹੀ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਰਾ ਹਰਬਰਿੰਦਰ ਸਿੰਘ 'ਤੇ ਗੋਲੀਆਂ ਮਾਰਨੀਆ ਸ਼ੁਰੂ ਕਰ ਦਿੱਤੀਆਂ | ਗੋਲੀਆ ਲੱਗਣ ਕਾਰਨ ਮੇਰਾ ਭਰਾ ਹਰਬਰਿੰਦਰ ਸਿੰਘ ਜਮੀਨ 'ਤੇ ਡਿੱਗ ਪਿਆ ਮੈਂ ਅਤੇ ਮੇਰੇ ਨਾਲ ਜਰਮਨਜੀਤ ਸਿੰਘ ਦੋਹਾਂ ਨੇ ਭੱਜ ਕੇ ਹਮਾਲਾਵਾਰਾਂ ਨੂੰ ਫੜਨ ਦੀ ਕੋਸ਼ਿਸ ਕੀਤੀ ਤਾਂ ਇਕ ਨੌਜਵਾਨ ਨੇ ਸਾਡੇ ਵੱਲ ਵੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਕੁੱਝ ਫਾਇਰ ਜਰਮਨਜੀਤ ਸਿੰਘ ਦੇ ਪੇਟ ਵਿਚ ਲੱਗੇ | ਉਕਤ ਤਿੰਨੇ ਅਣਪਛਾਤੇ ਨੌਜਵਾਨ ਆਪਣੇ ਆਪਣੇ ਹਥਿਆਰਾਂ ਨਾਲ ਮੌਕੇ ਤੋਂ ਦੌੜ ਗਏ | ਮੈਂ ਆਪਣੇ ਚਾਚਾ ਸਤਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਨਾਲ ਸਵਾਰੀ ਦਾ ਪ੍ਰਬੰਧ ਕਰਕੇ ਦੋਹਾਂ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਤਰਨ ਤਾਰਨ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਨੇ ਮੇਰੇ ਭਰਾ ਹਰਬਰਿੰਦਰ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਅਤੇ ਮੇਰੇ ਤਾਏ ਦੇ ਲੜਕੇ ਜਰਮਨਜੀਤ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਅਮਨਦੀਪ ਹਸਪਤਾਲ ਅੰਮਿ੍ਤਸਰ ਰੈਫਰ ਕਰ ਦਿੱਤਾ | ਥਾਣਾ ਸਰਹਾਲੀ ਦੀ ਪੁਲਿਸ ਵਲੋਂ ਤਿੰਨ ਅਣਪਛਾਤੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ |